eng vs ire 2nd odi: ਇੰਗਲੈਂਡ ਨੇ ਡੇਵਿਡ ਵਿਲੀ (47) ਅਤੇ ਸੈਮ ਬਿਲਿੰਗਜ਼ (46) ਦੀ ਸਮਝਦਾਰੀ ਵਾਲੀ ਪਾਰੀ ਦੀ ਬਦੌਲਤ ਅਤੇ ਜੌਨੀ ਬੇਰੇਸਟੋ (82) ਦੇ ਤੇਜ਼ ਤਰਾਰ ਅਰਧ ਸੈਂਕੜਾ ਦੀ ਮਦਦ ਨਾਲ ਦੂਜੇ ਵਨਡੇ ਮੈਚ ਵਿੱਚ ਆਇਰਲੈਂਡ ਨੂੰ 4 ਵਿਕਟਾਂ ਨਾਲ ਹਰਾਇਆ ਹੈ। ਇਸ ਜਿੱਤ ਦੇ ਨਾਲ, ਤਿੰਨ ਮੈਚਾਂ ਦੀ ਸੀਰੀਜ਼ ਵਿੱਚ ਮੇਜ਼ਬਾਨ ਇੰਗਲੈਂਡ ਨੇ 2-0 ਦੀ ਲੀਡ ਹਾਸਿਲ ਕਰ ਲਈ ਹੈ। ਦੂਜੇ ਵਨਡੇ ਮੈਚ ਵਿੱਚ ਆਇਰਲੈਂਡ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਇੰਗਲੈਂਡ ਦੇ ਸਾਹਮਣੇ 50 ਓਵਰਾਂ ‘ਚ 9 ਵਿਕਟਾਂ ਦੇ ਨੁਕਸਾਨ ‘ਤੇ 212 ਦੌੜਾਂ ਬਣਾਈਆਂ। ਇਸਦੇ ਜਵਾਬ ਵਿੱਚ ਇੰਗਲੈਂਡ ਦੀ ਟੀਮ ਨੇ 32.3 ਓਵਰਾਂ ਵਿੱਚ 6 ਵਿਕਟਾਂ ਦੇ ਨੁਕਸਾਨ ‘ਤੇ 216 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਟੀਚੇ ਦਾ ਪਿੱਛਾ ਕਰਨ ਉੱਤਰੀ ਇੰਗਲੈਂਡ ਟੀਮ ਦੀ ਸ਼ੁਰੂਆਤ ਮਾੜੀ ਰਹੀ ਓਪਨਰ ਜੇਸਨ ਰਾਏ ਪਾਰੀ ਦੀ ਤੀਜੀ ਗੇਂਦ ‘ਤੇ ਹੀ ਚੱਲਦੇ ਬਣੇ। ਤੀਜੇ ਨੰਬਰ ‘ਤੇ ਬੱਲੇਬਾਜ਼ੀ ਕਰਨ ਆਏ ਜੇਮਜ਼ ਵਿਨਸ ਨੇ 16 ਦੌੜਾਂ ਬਣਾਈਆਂ ਅਤੇ ਬੇਰੇਸਟੋ ਨਾਲ 72 ਦੌੜਾਂ ਦੀ ਸਾਂਝੇਦਾਰੀ ਕੀਤੀ। ਬੇਰੇਸਟੋ ਵਿਨਸ ਦੇ ਆਊਟ ਹੋਣ ਦੇ ਬਾਵਜੂਦ ਦੂਜੇ ਸਿਰੇ ਤੇ ਤੇਜ਼ਤਰਾਰ ਬੱਲੇਬਾਜ਼ੀ ਕਰਦਾ ਰਿਹਾ। ਇਸ ਦੌਰਾਨ ਟੌਮ ਬੇਂਟਨ ਨੇ 15 ਦੌੜਾਂ ਦਾ ਯੋਗਦਾਨ ਦਿੱਤਾ। ਕਪਤਾਨ ਈਓਨ ਮੋਰਗਨ ਬਿਨਾਂ ਕੋਈ ਖਾਤਾ ਖੋਲ੍ਹੇ ਪਵੇਲੀਅਨ ਵਾਪਿਸ ਪਰਤ ਗਏ। ਉਸੇ ਸਮੇਂ, ਡੇਵਿਡ ਵਿਲੀ ਬਿਲਿੰਗਜ਼ ਨਾਲ ਅਜੇਤੂ ਰਿਹਾ।
ਗੇਂਦਬਾਜ਼ੀ ਵਿੱਚ ਜੋਸ਼ੂਆ ਲਿਟਲ ਨੇ ਆਇਰਲੈਂਡ ਲਈ ਸਭ ਤੋਂ ਵੱਧ ਤਿੰਨ ਵਿਕਟਾਂ ਲਈਆਂ। ਇਸ ਤੋਂ ਇਲਾਵਾ ਕਰਟਿਸ ਕੈਂਪਰ ਨੇ ਦੋ ਵਿਕਟਾਂ ਹਾਸਿਲ ਕੀਤੀਆਂ ਜਦਕਿ ਕ੍ਰੈਗ ਯੰਗ ਨੇ ਇੱਕ ਵਿਕਟ ਲਈ। ਇਸ ਤੋਂ ਪਹਿਲਾਂ ਕਰਟਿਸ ਕੈਂਪਰ (68) ਨੇ ਇੰਗਲੈਂਡ ਖ਼ਿਲਾਫ਼ ਦੂਜੇ ਵਨਡੇ ਮੈਚ ‘ਚ ਸ਼ਾਨਦਾਰ ਪਾਰੀ ਖੇਡਦਿਆਂ ਆਇਰਲੈਂਡ ਨੂੰ ਘੱਟ ਸਕੋਰ ਤੇ ਆਊਟ ਹੋਣ ਤੋਂ ਬਚਾ ਲਿਆ। ਕੈਂਪਰ ਤੋਂ ਇਲਾਵਾ ਉਸਦੇ ਹੇਠਲੇ ਕ੍ਰਮ ਨੇ ਵੀ ਆਇਰਲੈਂਡ ਨੂੰ 212 ਦੇ ਸਕੋਰ ‘ਚ ਵੱਡਾ ਯੋਗਦਾਨ ਦਿੱਤਾ। ਆਇਰਲੈਂਡ ਦੀ ਟੀਮ 91 ਦੌੜਾਂ ‘ਤੇ ਆਪਣੇ ਛੇ ਵਿਕਟਾਂ ਗੁਆਉਣ ਤੋਂ ਬਾਅਦ ਸੰਕਟ ‘ਚ ਸੀ। ਇਥੋਂ ਕੈਂਪਰ ਅਤੇ ਸਿਮੀ ਸਿੰਘ (25) ਨੇ ਸੱਤਵੇਂ ਵਿਕਟ ਲਈ 60 ਦੌੜਾਂ ਦੀ ਸਾਂਝੇਦਾਰੀ ਕੀਤੀ। ਕੈਂਪਰ ਨੇ ਫਿਰ ਐਂਡੀ ਮੈਕਬ੍ਰਾਈਨ ਨਾਲ ਅੱਠਵੇਂ ਵਿਕਟ ਲਈ 56 ਦੌੜਾਂ ਦੀ ਸਾਂਝੇਦਾਰੀ ਕੀਤੀ। ਕੈਂਪਰ ਹਾਲਾਂਕਿ, 207 ਦੇ ਕੁੱਲ ਸਕੋਰ ‘ਤੇ ਸਾਕਿਬ ਮਹਿਮੂਦ ਦਾ ਸ਼ਿਕਾਰ ਬਣ ਗਏ। ਉਸਨੇ ਆਪਣੀ ਪਾਰੀ ‘ਚ 87 ਗੇਂਦਾਂ ਦਾ ਸਾਹਮਣਾ ਕੀਤਾ ਅਤੇ ਅੱਠ ਚੌਕੇ ਲਗਾਏ। ਰੀਜ਼ ਟੌਪਲੇ ਨੇ ਮੈਕਬ੍ਰਾਈਨ ਨੂੰ ਆਊਟ ਕਰਕੇ ਆਇਰਲੈਂਡ ਦੀ ਪਾਰੀ ਦਾ ਅੰਤ ਕੀਤਾ। ਉਸਨੇ 24 ਗੇਂਦਾਂ ਵਿੱਚ ਦੋ ਚੌਕਿਆਂ ਦੀ ਮਦਦ ਨਾਲ 24 ਦੌੜਾਂ ਬਣਾਈਆਂ। ਕਰੈਗ ਯੰਗ ਦੋ ਦੌੜਾਂ ਬਣਾ ਕੇ ਨਾਬਾਦ ਪਰਤਿਆ। ਇੰਗਲੈਂਡ ਲਈ ਆਦਿਲ ਰਾਸ਼ਿਦ ਨੇ ਤਿੰਨ ਵਿਕਟਾਂ ਲਈਆਂ। ਡੇਵਿਡ ਵਿਲੀ ਅਤੇ ਸਾਕਿਬ ਮਹਿਮੂਦ ਨੇ ਦੋ-ਦੋ ਵਿਕਟਾਂ ਲਈਆਂ। ਟੋਪਲੇ ਅਤੇ ਜੇਮਜ਼ ਵਿਨਸ ਨੇ ਇੱਕ-ਇੱਕ ਵਿਕਟ ਪ੍ਰਾਪਤ ਕੀਤੀ।