Mother-in-law : ਖੰਨਾ ਪੁਲਿਸ ਨੇ ਢਾਈ ਸਾਲ ਪਹਿਲਾਂ ਇਕ ਵਿਆਹੁਤਾ ਦੇ ਕਤਲ ਦੇ ਦੋਸ਼ ਵਿਚ ਉਸਦੀ ਸੱਸ ਸਣੇ ਦੋ ਹੋਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਔਰਤ ਦੇ ਚਰਿੱਤਰ ‘ਤੇ ਸ਼ੱਕ ਕਾਰਨ ਸੱਸ ਨਾਲ ਆਮ ਤੌਰ ‘ਤੇ ਲੜਾਈ ਹੁੰਦੀ ਰਹਿੰਦੀ ਸੀ। ਸੱਸ ਨੇ ਆਪਣੇ ਪੇਕੇ ਦੇ ਇਕ ਵਿਅਕਤੀ ਨਾਲ ਮਿਲਕੇ ਨੂੰਹ ਦੀ ਹੱਤਿਆ ਕਰ ਦਿੱਤੀ ਤੇ ਲਾਸ਼ ਨੂੰ ਘਰ ਵਿਚ ਹੀ ਜ਼ਮੀਨ ਵਿਚ ਦਬਾ ਦਿੱਤਾ। 11 ਮਹੀਨੇ ਬਾਅਦ ਕੰਕਾਲ ਨੂੰ ਕੱਢਿਆ ਅਤੇ ਛੋਟੇ-ਛੋਟੇ ਟੁਕੜੇ ਕਰਕੇ ਖੂਹ ਵਿਚ ਸੁੱਟ ਗਏ ਪਰ ਫਿਰ ਵੀ ਸੱਸ ਬਚ ਨਹੀਂ ਸਕੀ।
ਇਹ ਮਾਮਲਾ ਪਿੰਡ ਰੋਹਣੋਂ ਖੁਰਦ ਵਿਖੇ 2017 ਵਿਚ ਵਾਪਰਿਆ ਸੀ। ਫੜੇ ਗਏ ਦੋਸ਼ੀਆਂ ਦੀ ਪਛਾਣ ਬਲਜੀਤ ਕੌਰ ਤੇ ਫਤਿਹਗੜ੍ਹ ਸਾਹਿਬ ਜਿਲ੍ਹੇ ਦੇ ਪਿੰਡ ਮੁੱਲਾਂਪੁਰ ਖੁਰਦ ਦੇ ਉਸ ਦੇ ਪੇਕੇ ਰਹਿਣ ਵਾਲੇ ਕਸ਼ਮੀਰ ਸਿੰਘ ਉਰਫ ਕੁੱਕੂ ਦੇ ਰੂਪ ਵਿਚ ਹੋਈ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਬਲਜੀਤ ਕੌਰ ਨੇ ਆਪਣੀ ਨੂੰਹ ਗੁਰਮੀਤ ਕੌਰ ਦੇ ਘੜੂੰਆਂ ਨਿਵਾਸੀ ਆਪਣੇ ਪ੍ਰੇਮੀ ਸਤਿੰਦਰ ਸਿੰਘ ਉਰਫ ਬੱਬੂ ਨਾਲ ਭਜਣ ਦੀ ਗੱਲ ਦੱਸੀ ਸੀ ਤੇ ਕਿਹਾ ਕਿ ਉਹ ਆਪਣੇ ਨਾਲ 22 ਲੱਖ ਰੁਪਏ ਲੈ ਕੇ ਭੱਜ ਗਈ ਹੈ। ਇਸ ਲਈ ਪੁਲਿਸ ਵਲੋਂ ਧੋਖਾਦੇਹੀ ਦਾ ਕੇਸ ਦਰਜ ਕਰ ਲਿਆ ਗਿਆ।
ਜਾਂਚ ਵਿਚ ਪਤਾ ਲੱਗਾ ਕਿ ਬਲਜੀਤ ਕੌਰ ਦੇ ਬੇਟੇ ਗੁਰਜੀਤ ਸਿੰਘ ਦਾ ਵਿਆਹ ਗੁਰਮੀਤ ਕੌਰ ਦੇ ਨਾਲ ਹੋਇਆ ਸੀ। ਦੋਵਾਂ ਦਾ ਇਕ ਬੇਟਾ ਹੈ। ਗੁਰਜੀਤ ਸਿੰਘ ਵਿਦੇਸ਼ ‘ਚ ਰਹਿੰਦਾ ਸੀ। ਗੁਰਮੀਤ ਕੌਰ ਦੇ ਚਰਿੱਤਰ ‘ਤੇ ਸ਼ੱਕ ਹੋਣ ਕਾਰਨ ਅਕਸਰ ਸੱਸ ਤੇ ਨੂੰਹ ਵਿਚ ਲੜਾਈ ਹੁੰਦੀ ਸੀ। ਇਸ ਲਈ ਉਸ ਨੇਇਕ ਯੋਜਨਾ ਬਣਾਈ। 10 ਦਸੰਬਰ 2017 ਨੂੰ ਬਲਜੀਤ ਕੌਰ ਨੇ ਕਸ਼ਮੀਰ ਸਿੰਘ ਨਾਲ ਮਿਲ ਕੇ ਆਪਣੀ ਨੂੰਹ ਨੂੰ ਨੀਂਦ ਦੀਆਂ ਗੋਲੀਆਂ ਖੁਆ ਦਿੱਤੀਆਂ ਤੇ ਫਿਰ ਦੋਵਾਂ ਨੇ ਮਿਲ ਕੇ ਗੁਰਮੀਤ ਕੌਰ ਦਾ ਗਲਾ ਦਬਾ ਕੇ ਹੱਤਿਆ ਕਰ ਦਿੱਤੀ ਤੇ ਲਾਸ਼ ਨੂੰ ਟੋਏ ਵਿਚ ਦਬਾ ਦਿੱਤਾ। 11 ਮਹੀਨਿਆਂ ਬਾਅਦ ਦੋਵਾਂ ਨੇ ਦੁਬਾਰਾ ਲਾਸ਼ ਨੂੰ ਕੱਢਿਆ ਤੇ ਲੋਹੇ ਦੇ ਕਿਸੇ ਔਜ਼ਾਰ ਨਾਲ ਛੋਟੇ-ਛੋਟੇ ਟੁਕੜੇ ਕਰਨ ਤੋਂ ਬਾਅਦ ਸੂਟ ਤੇ ਟੋਪੀ ਨਾਲ ਸਾੜ ਦਿੱਤਾ ਤੇ ਫਿਰ ਉਸ ਨੂੰ ਖੂਹ ਵਿਚ ਸੁੱਟ ਦਿੱਤਾ। ਪੁਲਿਸ ਵਲੋਂ ਬਲਜੀਤ ਕੌਰ ਤੇ ਕਸ਼ਮੀਰ ਸਿੰਘ ਖਿਲਾਫ ਹੱਤਿਆ ਦੀਆਂ ਧਾਰਾਵਾਂ ਲਗਾ ਦਿੱਤੀਆਂ ਗਈਆਂ ਹਨ।