The 100 year old : ਪਟਿਆਲਾ ਜਿਲ੍ਹੇ ਦੇ ਪਿੰਡ ਕਲਿਆਣ ਵਿਖੇ ਸਥਿਤ ਗੁਰਦੁਆਰਾ ਅਰਦਾਸਪੁਰਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ 100 ਸਾਲ ਪੁਰਾਣਾ ਸਰੂਪ ਗਾਇਬ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਦਾ ਸਖਤ ਸਟੈਂਡ ਲਿਆ ਹੈ। ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਦਿਸ਼ਾ-ਨਿਰਦੇਸ਼ਾਂ ‘ਤੇ 5 ਮੈਂਬਰੀ ਟੀਮ ਦਾ ਗਠਨ ਕੀਤਾ ਗਿਆ ਅਤੇ ਸੋਮਵਾਰ ਨੂੰ ਇਹ ਟੀਮ ਗੁਰਦੁਆਰਾ ਅਰਦਾਸਪੁਰਾ ਪੁੱਜੀ। ਟੀਮ ਨੇ ਇਥੇ ਲਗਭਗ 5 ਘੰਟੇ ਤਕ ਗੁਰਦੁਆਰੇ ਦੀ ਕਮੇਟੀ ਨਾਲ ਮੀਟਿੰਗ ਕੀਤੀ ਤੇ ਟੀਮ ਨੇ ਮਸਲੇ ਨਾਲ ਜੁੜੇ ਲੋਕਾਂ ਦੇ ਬਿਆਨ ਵੀ ਦਰਜ ਕੀਤੇ।
ਹੈੱਡ ਗ੍ਰੰਥੀ ਪ੍ਰਣਾਮ ਸਿੰਘ ਨੇ ਦੱਸਿਆ ਕਿ ਜਾਂਚ ਦੌਰਾਨ ਸਾਰੇ ਪੱਖਾਂ ਦੇ ਬਿਆਨਾਂ ਨੂੰ ਕਲਮਬੱਧ ਕੀਤਾ ਗਿਆ ਹੈ। ਉਸੇ ਦੇ ਆਧਾਰ ‘ਤੇ ਟੀਮ ਆਪਣੀ ਰਿਪੋਰਟ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਨੂੰ ਭੇਜੇਗੀ। ਇਸ ਦੌਰਾਨ ਮੈਨੇਜਰ ਕਰਨੈਲ ਸਿੰਘ ਨਾਭਾ, ਐਡੀਸ਼ਨਲ ਮੈਨੇਜਰ ਕਰਨੈਲ ਸਿੰਘ, ਧਰਮ ਪ੍ਰਚਾਰ ਕਮੇਟੀ ਵਲੋਂ ਪਰਵਿੰਦਰ ਸਿੰਘ, ਲਖਵਿੰਦਰ ਸਿੰਘ ਤੇ ਬੇਅੰਤ ਸਿੰਘ ਆਦਿ ਹਾਜ਼ਰ ਸਨ। ਗੁਰਦੁਆਰੇ ਦੇ ਮੁੱਖ ਸੇਵਾਦਾਰ ਬਾਬਾ ਨਛਾਵਰ ਸਿੰਘ ਨੇ ਦੱਸਿਆ ਕਿ ਗੁਰਦੁਆਰੇ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 25 ਸਰੂਪ ਮੌਜੂਦ ਹਨ।ਇਸ ਤੋਂ ਇਲਾਵਾ ਸੰਤ ਬਾਬਾ ਕ੍ਰਿਪਾਲ ਸਿੰਘ ਦੇ ਸਮੇਂ ਤੋਂ ਇਕ ਪੁਰਾਤਨ ਸਰੂਪ ਵੀ ਗੁਰਦੁਆਰੇ ਵਿਚ ਸੁਸ਼ੋਭਿਤ ਸੀ। ਇਸ ਸਰੂਪ ਦੀ ਖਾਸੀਅਤ ਇਹ ਸੀ ਕਿ ਇਸ ਨੂੰ ਸਿਰਫ ਦੂਰਬੀਨ ਰਾਹੀਂ ਹੀ ਪੜ੍ਹਿਆ ਜਾ ਸਕਦਾ ਸੀ।
ਕਮੇਟੀ ਵਲੋਂ ਬਾਬਾ ਸੇਵਕ ਸਿੰਘ ਤੇ ਹੈੱਡ ਗ੍ਰੰਥੀ ਸਤਨਾਮ ਸਿੰਘ ਤੋਂ ਇਸ ਦੇ ਗੁੰਮ ਹੋ ਜਾਣ ਬਾਰੇ ਪੁੱਛਿਆ ਗਿਆ ਪਰ ਕੋਈ ਤਸੱਲੀਬਖਸ਼ ਜਵਾਬ ਨਹੀਂ ਮਿਲਿਆ। ਕਮੇਟੀ ਆਪਣੇ ਪੱਧਰ ‘ਤੇ ਪੁਲਿਸ ਪ੍ਰਸ਼ਾਸਨ ਦੇ ਧਿਆਨ ਵਿਚ ਵੀ ਇਸ ਮਾਮਲੇ ਨੂੰ ਲਿਆ ਚੁੱਕੀ ਹੈ। ਨਾਲ ਹੀ ਸੀ. ਸੀ.ਟੀ. ਵੀ.ਕੈਮਰਿਆਂ ਦੀ ਫੁਟੇਜ ਵੀ ਚੈੱਕ ਕੀਤੀ ਜਾ ਰਹੀ ਹੈ। ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਕਿਸੇ ਵੀ ਪ੍ਰਬੰਧਕ ਜਾਂ ਕਮੇਟੀ ਵਲੋਂ ਲਿਖਤ ਸ਼ਿਕਾਇਤ ਨਹੀਂ ਦਿੱਤੀ ਗਈ ਹੈ।