Illegal liquor trade is still : ਜ਼ਹਿਰੀਲੀ ਸ਼ਰਾਬ ਕਰਕੇ ਸੂਬੇ ਵਿਚ 122 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਮਾਮਲੇ ਵਿਚ ਕਈ ਅਫਸਰਾਂ ਤੇ ਮੁਲਾਜ਼ਮਾਂ ਨੂੰ ਸਸਪੈਂਡ ਕੀਤਾ ਜਾ ਚੁੱਕਾ ਹੈ। ਉਥੇ ਹੀ ਅਬੋਹਰ ਤੋਂ ਸਿਰਫ 25 ਕਿਲੋਮੀਟਰ ਦੂਰ ਪੰਜਾਬ-ਰਾਜਸਥਾਨ ਬਾਰਡਰ ‘ਤੇ ਤਰਨਤਾਰਨ ਵਰਗੀ ਬਿਨਾਂ ਡਿਗਰੀ ਵਾਲੀ ਲੱਖਾਂ ਲੀਟਰ ਸ਼ਰਾਬ ਦਾ ਜਖੀਰਾ ਗੰਗ ਕੈਨਾਲ ਦੇ ਕੰਢੇ ਰਾਜਸਥਾਨ ਤੇ ਪੰਜਾਬ ਦੇ ਸਮੱਗਲਰਾਂ ਨੇ ਅਜੇ ਵੀ ਦਬਾਇਆ ਹੋਇਆ ਹੈ ਅਤੇ ਦੋਵੇਂ ਸੂਬਿਆਂ ਦੇ ਸਮੱਗਲਰ ਇਸ ਨੂੰ ਵੱਖ-ਵੱਖ ਇਲਾਕਿਆਂ ਵਿਚ ਸਾਲਾਂ ਤੋਂ ਸਪਲਾਈ ਕਰ ਰਹੇ ਹਨ। ਇਨ੍ਹਾਂ ਸਮੱਗਲਰਾਂ ਦਾ ਦਬਦਬਾ ਇੰਨਾ ਹੈ ਕਿ ਕੋਈ ਛੋਟਾ-ਮੋਟਾ ਅਧਿਕਾਰੀ ਕਾਰਵਾਈ ਨੂੰ ਪਹੁੰਚ ਜਾਏ ਤਾਂ ਉਸ ਨੂੰ ਜਾਨ ਬਚਾ ਕੇ ਭੱਜਣਾ ਹੀ ਪੈਂਦਾ ਹੈ। ਪੁਲਿਸ ਵਿਚ ਆਪਣੇ ਖੌਫ ਕਾਰਨ ਸਰਹੱਦ ‘ਤੇ ਵਸੇ ਪਿੰਡਾਂ ਦੇ ਲੋਕ ਧੜਾਧੜ ਪੰਜਾਬ ਅਤੇ ਰਾਜਸਥਾਨ ਦੇ ਸਰਹੱਦੀ ਪਿੰਡਾਂ ਵਿਚ ਨਾਜਾਇਜ਼ ਸ਼ਰਾਬ ਦੀ ਹੋਮ ਡਿਲਵਰੀ ਤੱਕ ਕਰ ਦਿੰਦੇ ਹਨ। ਦੱਸਣਯਗੋ ਹੈ ਕਿ ਪੰਜਾਬ-ਰਜਸਥਾਨ ਬਾਰਡਰ ‘ਤੇ ਖੇਤਾਂ ਵਿਚ ਸ਼ਰਾਬ ਦੇ ਖੋਖੇ ਖੋਲ੍ਹੇ ਹੋਏ ਹਨ ਅਤੇ ਜ਼ਮੀਨ ਖੋਦ ਕੇ 4 ਫੁੱਟ ਦੇ ਟੈਂਕਾਂ ਵਿਚ ਸ਼ਰਾਬ ਰਖਦੇ ਹਨ।
ਪੰਜਾਵਾ, ਗੁਮਜਾਲ, ਸ਼ੇਰਗੜ੍ਹ, ਕੁਲਾਰ, ਤੂਤਵਾਲਾ, ਦੀਵਾਨਖੇੜਾ, ਰਾਜਪੁਰਾ, ਸ਼ੇਰੇਵਾਲਾ, ਪੱਟੀ ਸਦੀਕ, ਦੋਦੇਵਾਲਾ, ਚੱਕ ਰਾਧੇਵਾਲਾ, ਕੁਲਾਰ ਆਦਿ ਪਿੰਡਾਂ ਵਿਚ ਅਜੇ ਵੀ ਖੁੱਲ੍ਹੇਆਮ ਸ਼ਰਾਬ ਦੀਆਂ ਨਾਜਾਇਜ਼ ਦੁਕਾਨਾਂ ਖੋਲ੍ਹੀਆਂ ਜਾ ਰਹੀਆਂ ਹਨ। ਉਥੇ ਹੀ ਰਾਜਸਥਾਨ ਦੇ ਪਿੰਡ 500 ਐਲਐਨਪੀ ਦੇ ਵਧੇਰੇ ਲੋਕ ਇਸੇ ਕਾਰੋਬਾਰ ਨਾਲ ਜੁੜੇ ਹਨ। ਘਰਾਂ ਵਿਚ ਵਾਟਰਕੂਲਰ ਵਿਚ ਸ਼ਰਾਬ ਨੂੰ ਪਾ ਕੇ ਗਿਲਾਰ, ਕਵਾਰਟਰ ਦੇ ਹਿਸਾਬ ਨਾਲ ਪਿਲਾਉਂਦੇ ਹਨ। ਕਵਾਰਟਰ 30 ਤੋਂ 50 ਰੁਪਏ ਵਿਚ ਮਿਲਦਾ ਹੈ ਜੋਕਿ ਠੇਕਿਆਂ ‘ਤੇ ਡਬਲ ਰੇਟ ਵਿਚ ਮਿਲਦਾ ਹੈ। ਫਾਜ਼ਿਲਕਾ ਦੇ ਐਸਐਸਪੀ ਮੁਤਾਬਕ ਪਹਿਲਾਂ ਗੰਗ ਕੈਨਾਲ ਵਿਚ ਦਬੀ ਸ਼ਰਾਬ ਨੂੰ ਕੱਢਇਆ ਸੀ ਪਰ ਸਮੱਗਲਰਾਂ ਨੇ ਮੁੜ ਤੋਂ ਧੰਦੇ ਨੂੰ ਸ਼ੁਰੂ ਕਰ ਦਿੱਤਾ।
ਫਾਜ਼ਿਲਕਾ ਦੇ ਐਸਐਸਪੀ ਹਰਜੀਤ ਸਿੰਘ ਸਿੰਘ ਨੇ ਸਵੀਕਾਰ ਕੀਤਾ ਕਿ ਰਾਜਸਥਾਨ ਹੱਦ ਵਿਚ ਬਿਨਾਂ ਡਿਗਰੀ ਵਾਲੀ ਸ਼ਰਾਬ ਸਮੱਗਲਰਾਂ ਨੇ ਦਬਾਈ ਹੋਈ ਹੈ। ਜ਼ਿਆਦਾ ਸਪਲਾਈ ਪੰਜਾਬ ਵਿਚ ਹੀ ਹੁੰਦੀ ਹੈ, ਇਸ ਨੂੰ ਰੋਕਣ ਲਈ ਉਨ੍ਹਾਂ ਨੇ ਸ਼੍ਰੀਗੰਗਾਨਗਰ ਦੇ ਐਸਪੀ ਨਾਲ ਗੱਲਬਾਤ ਕੀਤੀ ਹੈ ਅਤੇ ਇਕ ਦੋ ਦਿਨ ਵਿਚ ਜਖੀਰਾ ਖਤਮ ਕਰਨਗੇ। ਸ਼ਰਾਬ ਦੀ ਸਮੱਗਲਿੰਗ ਛੋਟੇ ਰਸਤਿਆਂ ਤੋਂ ਹੋ ਰਹੀ ਹੈ ਪਰ ਇਨ੍ਹਾਂ ਨੂੰ ਫੜਣ ਦੀ ਕੋਸ਼ਿਸ਼ਕੀਤੀ ਜਾਂਦੀ ਹੈ ਤਾਂ ਇਹ ਲੋਕ ਚਕਮਾ ਦੇ ਕੇ ਫਰਾਰ ਹੋ ਜਾਂਦੇ ਹਨ। ਉਥੇ ਹੀ ਅਬੋਹਰ ਵਿਚ 4 ਵਜੇ ਤੋਂ ਬਾਅਦ ਰਾਜਸਥਾਨ ਬਾਰਡਰ ‘ਤੇ ਸ਼ਰਾਬ ਦੀਆਂ ਦੁਕਾਨਾਂ ਸਜਣੀਆਂ ਸ਼ੁਰੂ ਹੋ ਜਾਂਦੀਆਂ ਹਨ। ਸ਼ਰਾਬੀਆਂ ਲਈ ਸਮੱਗਲਰਾਂ ਨੇ ਖੇਤਾਂ ਵਿਚ ਹੀ ਖਾਣ-ਪੀਣ ਦੇ ਵੀ ਪ੍ਰਬੰਧ ਕੀਤੇ ਹੋਏ ਹਨ। ਜਿਹੜੀ ਸ਼ਰਾਬ ਪਿਲਾਈ ਜਾ ਰਹੀ ਹੈ ਉਸ ਨਾਲ ਤਰਨਤਾਰਨ ਵਰਗੀ ਸਥਿਤੀ ਬਣ ਸਕਦੀ ਹੈ। ਰਾਜਸਥਾਨ ਦੀ ਸਰਹੱਦ ਵਿਚ ਵਿਚ ਕਈ ਨਾਜਾਇਜ਼ ਦੁਕਾਨਾਂ ਖੁੱਲ੍ਹਾਵਉਣ ਵਿਚ ਉਥੇ ਦੇ ਇਕ ਠੇਕੇਦਾਰ ਵਿਪਿਨ ਸੇਤੀਆ ਦਾ ਨਾਂ ਸਾਹਮਣੇ ਆ ਰਿਹਾ ਹੈ, ਜੋਕਿ ਪੁਲਿਸ ਪ੍ਰਸ਼ਾਸਨ ਲਈ ਜਾਂਚ ਦਾ ਵਿਸ਼ਾ ਹੈ।
ਪੰਜਾਬ-ਰਾਜਸਥਾਨ ਸਰਹੱਦ ‘ਤੇ ਵਸੇ ਕੁਝ ਪਿੰਡਾਂ ਦੇ ਠੇਕਿਆਂ ‘ਤੇ ਵਿਕਰੀ ਦਾ ਇੰਨਾ ਬੁਰਾ ਹਾਲ ਹੈ ਕਿ ਮੋਟੇ ਤੌਰ ‘ਤੇ ਜੇਕਰ ਅੰਦਾਜ਼ਾ ਲਗਾਇਆ ਜਾਵੇ ਤਾਂ 15 ਤੋਂ 20 ਹਜ਼ਾਰ ਰੁਪਏ ਪ੍ਰਤੀ ਠੇਕੇ ਦੀ ਸੇਲ ਹੁੰਦੀ ਸੀ ਹੁਣ ਉਹ 3 ਹਜ਼ਾਰ ਰੁਪਏ ਤੋਂ ਲੈ ਕੇ ਸਿਰਫ 6 ਹਜ਼ਾਰ ਰੁਪਏ ਪ੍ਰਤੀਦਿਨ ਰਹਿ ਗਈ ਹੈ। ਜਦਕਿ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਕਰਨ ਵਾਲੇ ਇਸ ਜ਼ਹਿਰੀਲੀ ਸ਼ਰਾਬ ਨੂੰ ਵੇਚ ਕੇ ਲੱਖਾਂ ਰੁਪਏ ਰੋਜ਼ਾਨਾ ਆਪਣੀ ਸੇਲ ਕਰ ਲੈਂਦੇ ਹਨ। ਜੇਕਰ ਇਨ੍ਹਾਂ ਪਿੰਡਾਂ ਵਿਚ ਇਸ ਕਾਰੋਬਾਰ ਨੂੰ ਠੱਲ੍ਹ ਨਾ ਪਾਈ ਗਈ ਤਾਂ ਤਰਨਤਾਰਨ ਵਿਚ ਵਾਪਰੀ ਦੁਖਦ ਘਟਨਾ ਇਨ੍ਹਾਂ ਪਿੰਡਾਂ ਵਿਚ ਵੀ ਵਾਪਰ ਸਕਦੀ ਹੈ।