The district administration : ਜਲੰਧਰ :ਅੱਜ ਦੇ ਸਮੇਂ ਹਰਿਆਲੀ ਹਰੇਕ ਮਨੁੱਖ ਲਈ ਬਹੁਤ ਹੀ ਜ਼ਰੂਰੀ ਹੈ। ਸਾਨੂੰ ਆਪਣੇ ਆਲੇ-ਦੁਆਲੇ ਪ੍ਰਦੂਸ਼ਣ ਤੋਂ ਮੁਕਤ ਕਰਨ ਲਈ ਦਰੱਖਤ ਲਗਾਉਣ ਦੇ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਜੋ ਵਾਤਾਵਰਣ ਸ਼ੁੱਧ ਰਹੇ ਅਤੇ ਅਸੀਂ ਖੁੱਲ੍ਹੀ ਹਵਾ ਵਿਚ ਸਾਹ ਲੈ ਸਕੀਏ। ਇਸੇ ਅਧੀਨ ਜਿਲ੍ਹਾ ਪ੍ਰਸ਼ਾਸਨ ਵਲੋਂ ਸ਼ਹਿਰ ਨੂੰ ਹਰਾ-ਭਰਾ ਤੇ ਪ੍ਰਦੂਸ਼ਣ ਮੁਕਤ ਬਣਾਉਣ ਲਈ ਉਪਰਾਲੇ ਕੀਤੇ ਗਏ ਹਨ।
ਇਸ ਲਈ ਜਿਲ੍ਹਾ ਪ੍ਰਸ਼ਾਸਨ ਵਲੋਂ ਸ਼ਹਿਰ ਨੂੰ ਸੁੰਦਰ ਤੇ ਸਵੱਛ ਬਣਾਉਣ ਲਈ 22 ਨਰਸਰੀਆਂ ਦੀ ਸਥਾਪਨਾ ਕੀਤੀ ਜਾ ਰਹੀ ਹੈ। ਹਰੇਕ ਬਲਾਕ ਵਿਚ ਦੋ ਨਰਸੀਆਂ ਹੋਣਗੀਆਂ। ਇਨ੍ਹਾਂ ਨਰਸਰੀਆਂ ਦੇ ਵਿਕਾਸ ਲਈ ਪ੍ਰਸ਼ਾਸਨ ਵਲੋਂ 1.35 ਕਰੋੜ ਰੁਪਏ ਖਰਚ ਕੀਤੇ ਜਾਣਗੇ। 14 ਨਰਸਰੀ ‘ਤੇ ਕੰਮ ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਰੋਜ਼ਗਾਰ ਗਾਰੰਟੀ ਅਧਿਨਿਯਮ (ਮਨਰੇਗਾ) ਪ੍ਰੋਗਰਾਮ ਤਹਿਤ ਸ਼ੁਰੂ ਹੋ ਚੁੱਕਾ ਹੈ।
ਏ.ਡੀ.ਸੀ. (ਡਿਵੈਲਪਮੈਂਟ) ਵਿਸ਼ੇਸ਼ ਸਾਰੰਗਲ ਨੇ ਕਿਹਾ ਕਿ ਇਨ੍ਹਾਂ ਨਰਸਰੀਆਂ ਵਿਚ ਕਲੇਰ, ਗੁਲਮੋਹਰ, ਪਿੱਪਲ, ਸ਼ੀਸ਼ਮ, ਸ਼ਹਿਤੂਤ, ਨਿੰਮ, ਡੇਕ ਅਤੇ ਹੋਰ ਪੌਦੇ ਲਗਾਏ ਜਾਣਗੇ। ਪਹਿਲਾਂ ਹਰ ਸਾਲ ਪ੍ਰਸ਼ਾਸਨ ਨੂੰ ਪੌਦੇ ਲਗਾਉਣ ਲਈਜੰਗਲਾਤ ਵਿਭਾਗ ਤੇ ਹੋਰ ਏਜੰਸੀਆਂ ‘ਤੇ ਨਿਰਭਰ ਰਹਿਣਾ ਪੈਂਦਾ ਸੀ। ਹੁਣ ਪ੍ਰਸ਼ਾਸਨ ਵਲੋਂ ਵਿਕਸਿਤ ਕੀਤੀਆਂ ਜਾਣ ਵਾਲੀਆਂ ਇਨ੍ਹਾਂ ਨਰਸਰੀਆਂ ਤੋਂ ਸਿੱਧੇ ਪੌਦੇ ਲਏ ਜਾਣਗੇ। ਏ. ਡੀ.ਸੀ. ਨੇ ਕਿਹਾ ਕਿ ਇਨ੍ਹਾਂ ਪੌਦਿਆਂ ਦੇ ਰੱਖ-ਰਖਾਅ ਦੀ ਜ਼ਿੰਮੇਵਾਰੀ ਗ੍ਰਾਮ ਪੰਚਾਇਤ ਦੀ ਹੋਵੇਗੀ। ਇਸ ਤਰ੍ਹਾਂ ਜਿਲ੍ਹਾ ਪ੍ਰਸ਼ਾਸਨ ਵਲੋਂ ਲੋਕਾਂ ਦੀ ਸਿਹਤ ਨੂੰ ਧਿਆਨ ਵਿਚ ਰੱਖਦੇ ਹੋਏ ਮਹੱਤਵਪੂਰਨ ਉਪਰਾਲਾ ਕੀਤਾ ਗਿਆ ਹੈ ਕਿਉਂਕਿ ਵਾਤਾਵਰਣ ਜੇਕਰ ਸ਼ੁੱਧ ਹੋਵੇ ਤਾਂ ਬੀਮਾਰੀਆਂ ਦਾ ਖਤਰਾ ਵੀ ਘੱਟ ਹੁੰਦਾ ਹੈ।