Poisonous liquor case : ਜ਼ਹਿਰੀਲੀ ਸ਼ਰਾਬ ਨਾਲ ਸੈਂਕੜੇ ਮੌਤਾਂ ਹੋਣ ਦੇ ਮੁੱਦੇ ‘ਤੇ ਕਾਂਗਰਸ ਦੇ ਸੰਸਦ ਮੈਂਬਰਾਂ ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸ਼ੇਰ ਸਿੰਘ ਦੂਲੋ ਵੱਲੋਂ ਆਪਣੀ ਹੀ ਸਰਕਾਰ ਖਿਲਾਫ ਚੁੱਕੇ ਸਵਾਲਾਂ ‘ਤੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਾਫੀ ਇਤਰਾਜ਼ ਜਤਾਇਆ ਸੀ। ਜਾਖੜ ਨੂੰ ਕਰਾਰਾ ਜਵਾਬ ਦਿੰਦੇ ਹੋਏ ਪ੍ਰਤਾਪ ਬਾਜਵਾ ਨੇ ਕਿਹਾ ਕਿ ਉਨ੍ਹਾਂ ਨੂੰ ਕੈਪਟਨ ਅਮਰਿੰਦਰ ਸਿੰਘ ਦਾ ਸਾਥ ਦੇਣ ਦੀ ਬਜਾਏ ਜ਼ਹਿਰੀਲੀ ਸ਼ਰਾਬ ਕਾਰਨ ਮਰਨ ਵਾਲੇ ਵਿਅਕਤੀਆਂ ਦੇ ਪੀੜਤ ਪਰਿਵਾਰਾਂ ਨੂੰ ਹੌਸਲਾ ਦੇਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਸਿਆਸੀ ਆਗੂਆਂ ਵਲੋਂ ਅਜਿਹੇ ਗੰਭੀਰ ਮਾਮਲਿਆਂ ‘ਤੇ ਕੀਤੀ ਜਾ ਰਹੀ ਲਾਪ੍ਰਵਾਹੀ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਇਸੇ ਮੁੱਦੇ ‘ਤੇ ਸ਼ਮਸ਼ੇਰ ਸਿੰਘ ਦੂਲੋ ਨੇ ਕਿਹਾ ਜਾਖੜ ਦੋ ਸਾਲ ਤੋਂ ਕਿਉਂ ਨਹੀਂ ਬੋਲਿਆ?ਸੁਨੀਲ ਜਾਖੜ ਨੇ ਰਾਜ ਸਭਾ ਮੈਂਬਰ ਸਮਸ਼ੇਰ ਸਿੰਘ ਦੂਲੋ ਤੇ ਪ੍ਰਤਾਪ ਬਾਜਵਾ ਵਿਰੁੱਧ ਕਾਰਵਾਈ ਕਰਨ ਲਈ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਚਿੱਠੀ ਵੀ ਲਿਖੀ ਸੀ। ਇਸ ‘ਤੇ ਹੁਣ ਦੂਲੋ ਨੇ ਕਿਹਾ ਪੰਜਾਬ ‘ਚ ਨਸ਼ਾ ਮਾਫੀਆ, ਲੈਂਡ ਮਾਫੀਆ, ਕੇਬਲ ਮਾਫੀਆ ਧੜੱਲੇ ਨਾਲ ਚੱਲ ਰਿਹਾ ਹੈ। ਸ਼ਰਾਬ ਦੀਆਂ 6 ਨਕਲੀ ਫੈਕਟਰੀਆਂ ਚੱਲ ਰਹੀਆਂ ਹਨ ਜਿਸ ‘ਚ ਇਨ੍ਹਾਂ ਦੇ ਵਿਧਾਇਕਾਂ ਤੇ ਮੰਤਰੀਆਂ ਦੀ ਸਿੱਧੇ ਤੇ ਅਸਿੱਧੇ ਤੌਰ ‘ਤੇ ਮਿਲੀਭੁਗਤ ਹੈ।
ਬਾਜਵਾ ਨੇ ਕਿਹਾ ਕਿ ਜਾਖੜ ਨੂੰ ਕਾਂਗਰਸ ਪ੍ਰਧਾਨ ਹੋਣ ਦੇ ਨਾਤੇ ਆਪਣੇ ਫਰਜ਼ ਨੂੰ ਨਿਭਾਉਣਾ ਚਾਹੀਦਾ ਹੈ ਨਾ ਕਿ ਗਲਤ ਕੰਮਾਂ ਵਿਚ ਮੁੱਖ ਮੰਤਰੀ ਦਾ ਸਾਥ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੈਂ ਤੇ ਦੂਲੋ ਨੇ ਕੋਈ ਨਿੱਜੀ ਮੁੱਦਾ ਨਹੀਂ ਚੁੱਕਿਆ ਸਗੋਂ ਹਮੇਸ਼ਾ ਲੋਕਾਂਦੇ ਹਿੱਤਾਂ ਦੀ ਰਾਖੀ ਲਈ ਅਸੀਂ ਅੱਗੇ ਆਏ ਹਾਂ। ਬਾਜਵਾ ਨੇ ਕਿਹਾ ਕਿ ਜੇ ਸਮੇਂ ਰਹਿੰਦਿਆਂ ਹੀ ਕਾਰਵਾਈ ਕੀਤੀ ਗਈ ਹੁੰਦੀ ਤਾਂ ਜ਼ਹਿਰੀਲੀ ਸ਼ਰਾਬ ਕਾਰਨ ਜਿਹੜੀਆਂ 117 ਮੌਤਾਂ ਸੂਬੇ ਵਿਚ ਹੋਈਆਂ ਹਨ, ਉਨ੍ਹਾਂ ਤੋਂ ਬਚਿਆ ਜਾ ਸਕਦਾ ਸੀ। ਉਨ੍ਹਾਂ ਕਿਹਾ ਕਿ ਅਜੇ ਵੀ ਸਮਾਂ ਰਹਿੰਦਿਆਂ ਜਾਖੜ ਨੂੰ ਕੈਪਟਨ ਦੀ ਵਕਾਲਤ ਛੱਡ ਕੇ ਇਨਸਾਫ ਦੀ ਗੱਲ ਕਰਨੀ ਚਾਹੀਦੀ ਹੈ।