Get Well Soon : ਫਿਰੋਜ਼ਪੁਰ : 15 ਸਾਲਾਂ ਤੋਂ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਰੈਗੂਲਰ ਨਾ ਕਰਨ ਦੇ ਰੋਸ ਵਜੋਂ ਪੰਜਾਬ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਮੁਲਾਜ਼ਮਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਪਿਛਲੇ ਸਾਢੇ ਤਿੰਨ ਸਾਲ ਤੋਂ ਬੀਮਾਰ ਹੈ ਅਤੇ ਇਕਾਂਤਵਾਸ ਵਿਚ ਹੈ। ਇਕਾਂਤਵਾਸ ਸ਼ਬਦ ਅੱਜ ਕਲ ਆਮ ਹੀ ਸੁਣਿਆ ਜਾ ਰਿਹਾ ਹੈ ਤੇ ਜਿਸ ਵੀ ਵਿਅਕਤੀ ਨੂੰ ਇਕਾਂਤਵਾਸ ਕੀਤਾ ਜਾ ਰਿਹਾ ਹੈ ਉਹ 14 ਦਿਨ ਬਾਅਦ ਤੰਦਰੁਸਤ ਹੋ ਕੇ ਮੁੜ ਕੰਮ ਤੇ ਪਰਤ ਰਿਹਾ ਹੈ ਪਰ ਪੰਜਾਬ ਦੀ ਕਾਂਗਰਸ ਸਰਕਾਰ ਸਾਢੇ ਤਿੰਨ ਸਾਲਾਂ ਤੋਂ ਇਕਾਂਤਵਾਸ ਵਿਚ ਚੱਲ ਰਹੀ ਹੈ।
ਪੰਜਾਬ ਸਰਕਾਰ ਦੀ ਤੰਦਰੁਸਤੀ ਲਈ ਮੁੱਖ ਮੰਤਰੀ ਪੰਜਾਬ ਨੂੰ Get Well Soon ਦੇ ਕਾਰਡ ਅਤੇ ਕਾਹੜੇ ਦੇ ਪੈਕਟ ਭੇਜ ਕੇ ਅਰਦਾਸ ਕੀਤੀ ਤਾਂ ਜੋ ਉਹ ਠੀਕ ਹੋ ਕੇ ਮੁਲਾਜ਼ਮਾਂ ਦੀ ਗੱਲ ਸੁਣ ਸਕਣ।ਕਿਉਕਿ ਕਾਹੜਾ ਸਿਹਤ ਲਈ ਚੰਗਾ ਹੁੰਦਾ ਹੈ ਅਤੇ ਇਸ ਨੂੰ ਪੀ ਕੇ ਬੀਮਾਰ ਤੇ ਕਮਜ਼ੋਰ ਸਰੀਰ ਅਕਸਰ ਹੀ ਠੀਕ ਹੋ ਜਾਦਾ ਹੈ। ਮੁਲਾਜ਼ਮ ਸੋਚਦੇ ਹਨ ਕਿ ਉਨਾਂ ਵੱਲੋਂ ਭੇਜੇ ਕਾਹੜੇ ਦਾ ਸੇਵਨ ਕਰਕੇ ਮੁੱਖ ਮੰਤਰੀ ਅਤੇ ਮੰਤਰੀ ਠੀਕ ਹੋ ਸਕਣਗੇ। ਇਹ ਰੋਸ ਮੁਜ਼ਾਹਰਾ ਸਰਵ ਸਿੱਖਿਆ ਅਭਿਆਨ ਵਿਚ ਕੰਮ ਕਰ ਰਹੇ ਦਫਤਰੀ ਮੁਲਾਜ਼ਮਾਂ ਵਲੋਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ 1 ਅਪ੍ਰੈਲ 2018 ਤੋਂ ਸਰਵ ਸਿੱਖਿਆ ਅਭਿਆਨ ਤਹਿਤ ਕੰਮ ਕਰਦੇ ਅਧਿਆਪਕਾਂ ਨੂੰ ਵਿਭਾਗ ਵਿਚ ਪੱਕਾ ਕਰ ਦਿੱਤਾ ਸੀ ਪ੍ਰੰਤੂ ਅਧਿਆਪਕਾਂ ਤੋਂ ਪਹਿਲਾ ਕੰਮ ਕਰ ਰਹੇ ਦਫਤਰੀ ਕਰਮਚਾਰੀਆ ਨੂੰ ਅਣਦੇਖਿਆ ਕੀਤਾ ਜਾਂਦਾ ਰਿਹਾ। ਇਸ ਮੌਕੇ ਚਰਨਪਾਲ ਸਿੰਘ, ਦਲਜਿੰਦਰ ਸਿੰਘ, ਸੁਖਦੇਵ ਸਿੰਘ, ਪ੍ਰਵੀਨ ਕੁਮਾਰ ਆਦਿ ਹਾਜ਼ਰ ਸਨ।
ਆਗੂਆਂ ਨੇ ਕਿਹਾ ਕਿ ਵਿੱਤ ਵਿਭਾਗ ਵਲੋਂ ਕਰਮਚਾਰੀਆਂ ਨੂੰ ਪੱਕਾ ਕਰਨ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ ਪਰ ਸਰਕਾਰ ਵਲੋਂ ਇਸ ‘ਤੇ ਕੋਈ ਕਦਮ ਨਹੀਂ ਚੁੱਕਿਆ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਬੀਮਾਰ ਹੋਣ ਕਾਰਨ ਬਿਆਨ ਦੇ ਕੇ ਖੁਦ ਹੀ ਭੁੱਲ ਰਹੀ ਹੈ ਤੇ ਮੁਲਾਜ਼ਮਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਆਗੂਆਂ ਦਾ ਕਹਿਣਾ ਹੈ ਕਿ ਇਸ ਮੁੱਦੇ ਨੂੰ ਲੈ ਕੇ ਉਹ ਸਿੱਖਿਆ ਮੰਤਰੀ ਵਿਜੈਇੰਦਰਾ ਸਿੰਗਲਾ ਨੂੰ ਵੀ ਮਿਲ ਚੁੱਕੇ ਹਨ ਤੇ ਉਨ੍ਹਾਂ ਵਲੋਂਕਿਹਾ ਗਿਆ ਹੈ ਕਿ ਸਰਕਾਰ ਦੇ ਹਾਲਾਤ ਨਹੀਂ ਹਨ। ਇਸੇ ਲਈ ਮੁਲਾਜ਼ਮਾਂ ਵਲੋਂ ਫੈਸਲਾ ਲਿਆ ਗਿਆ ਕਿ ਪੰਜਾਬ ਸਰਕਾਰ ਨੂੰ Get Well Soon ਤੇ ਕਾਹੜੇ ਦੇ ਪੈਕੇਟਾਂ ਨੂੰ ਭੇਜਿਆ ਜਾਵੇ ਤਾਂ ਜੋ ਉਹ ਮੁਲਾਜ਼ਮਾਂ ਨੂੰ ਜਲਦ ਹੀ ਰੈਗੂਲਰ ਕਰ ਦੇਵੇ।