70-year-old : ਕਪੂਰਥਲਾ ਦੇ ਬੇਗੋਵਾਲ ਵਿਖੇ ਕੋਰੋਨਾ ਕਾਰਨ 70 ਸਾਲਾ ਬਜ਼ੁਰਗ ਦੀ ਅੱਜ ਮੌਤ ਹੋ ਗਈ। ਸਿਹਤ ਵਿਭਾਗ ਦੀ ਟੀਮ ਵਲੋਂ ਪਰਿਵਾਰਕ ਮੈਂਬਰਾਂ ਦੀ ਮੌਜੂਦਗੀ ਵਿਚ ਪਿੰਡ ਵਿਖੇ ਹੀ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਗਿਆ। ਮ੍ਰਿਤਕਾ ਦੀ ਪਛਾਣ ਜਸਵੀਰ ਕੌਰ ਪਤਨੀ ਪਲਵਿੰਦਰ ਸਿੰਘ ਵਜੋਂ ਹੋਈ ਹੈ ਅਤੇ ਉਹ ਪਿੰਡ ਬੇਗੋਵਾਲ ਦੇ ਪਿੰਡ ਮਿਆਣੀ ਭੱਗੂਪੁਰੀਆਂ ਦੀ ਰਹਿਣ ਵਾਲੀ ਸੀ।
ਮਿਲੀ ਜਾਣਕਾਰੀ ਮੁਤਾਬਕ ਉਕਤ ਬੀਬੀ ਜਲੰਧਰ ਦੇ ਕਿਸੇ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਸੀ ਜਿਥੇ 26ਜੁਲਾਈ ਨੂੰ ਉਨ੍ਹਾਂ ਦੀ ਰਿਪੋਰਟ ਕੋਰੋਨਾ ਪਾਜੀਟਿਵ ਪਾਈ ਗਈ ਅਤੇ ਇਲਾਜ ਦੌਰਾਨ ਉਨ੍ਹਾਂ ਨੇ ਅੱਜ ਹਸਪਤਾਲ ਵਿਚ ਹੀ ਦਮ ਤੋੜ ਦਿੱਤਾ। ਕਪੂਰਥਲਾ ਤੋਂ ਇਕ ਹੋਰ ਕੋਰੋਨਾ ਦਾ ਪਾਜੀਟਿਵ ਕੇਸ ਦੀ ਵੀ ਪੁਸ਼ਟੀ ਹੋਈ ਹੈ। ਇਹ ਜਾਣਕਾਰੀ SMO ਬੇਗੋਵਾਲ ਡਾ. ਕਿਰਨਪ੍ਰੀਤ ਕੌਰ ਵਲੋਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਦੱਸਿਆ ਕਿ ਪਿੰਡ ਨੰਗਲ ਲੁਬਾਣਾ ਵਿਚ ਵੀ 50 ਸਾਲਾ ਔਰਤ ਦੀ ਰਿਪੋਰਟ ਕੋਰੋਨਾ ਪਾਜੀਟਿਵ ਪਾਈ ਗਈ ਹੈ। ਉਨ੍ਹਾਂ ਦਾ ਇਲਾਜ ਜਲੰਧਰ ਦੇ ਪ੍ਰਾਈਵੇਟ ਹਸਪਤਾਲ ਵਿਚ ਚੱਲ ਰਿਹਾ ਹੈ ਜਿਥੇ ਉਹ ਛਾਤੀ ‘ਚ ਦਰਦ ਹੋਣ ਕਾਰਨ ਦਾਖਲ ਹੋਈ ਸੀ ਤੇ ਅਹਿਤਿਆਤ ਦੇ ਤੌਰ ‘ਤੇ ਉਨ੍ਹਾਂ ਦੇ ਸੈਂਪਲ ਟੈਸਟ ਲਈ ਭੇਜੇ ਗਏ ਸਨ ਜਿਥੇ ਰਿਪੋਰਟ ਪਾਜੀਟਿਵ ਪਾਈ ਗਈ।
ਪੰਜਾਬ ਵਿਚ ਕੋਰੋਨਾ ਦਾ ਕਹਿਰ ਦਿਨੋ-ਦਿਨ ਵਧ ਰਿਹਾ ਹੈ। ਪੰਜਾਬ ਵਿਚ ਹੁਣ ਤਕ ਕੋਰੋਨਾ ਦੇ ਸਭ ਤੋਂ ਵਧ ਕੇਸ ਜਿਲ੍ਹਾ ਲੁਧਿਆਣਾ ਤੋਂ ਸਾਹਮਣੇ ਆਏ ਹਨ ਜਿਥੇ ਕੋਰੋਨਾ ਪੀੜਤਾਂਦੀ ਗਿਣਤੀ 3935 ਹੋ ਗਈ ਹੈ ਇਸੇ ਤ੍ਹਰਾਂ ਜਲੰਧਰ ਤੋਂ 2666, ਅੰਮ੍ਰਿਤਸਰ ‘ਚ 2026, ਹੁਸ਼ਿਆਰਪੁਰ ‘ਚ 593, ਪਠਾਨਕੋਟ ‘ਚ 456, ਮਾਨਸਾ ‘ਚ 159, ਕਪੂਰਥਲਾ ‘ਚ 340, ਫਰੀਦਕੋਟ ‘ਚ 319, ਮੁਕਤਸਰ ‘ਚ 240, ਮੋਗਾ ‘ਚ 455, ਫਾਜ਼ਿਲਕਾ ‘ਚ327, ਬਰਨਾਲਾ ‘ਚ 318, ਫਤਿਹਗੜ੍ਹ ਸਾਹਿਬ ‘ਚ 393, ਨਵਾਂਸ਼ਹਿਰ ਤੋਂ 273, ਗੁਰਦਾਸਪੁਰ ਤੋਂ 668 ਪਾਜੀਟਿਵ ਕੇਸ ਪਾਏ ਗਏ ਹਨ। ਸੂਬੇ ਵਿਚ ਹੁਣ ਤਕ ਕੋਵਿਡ-19 ਕਾਰਨ 471 ਲੋਕਾਂ ਦੀ ਜਾਨ ਜਾ ਚੁੱਕੀ ਹੈ ਤੇ ਸੂਬੇ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 19 ਹਜ਼ਾਰ ਤੋਂ ਵੀ ਵਧ ਹੋ ਚੁੱਕੀ ਹੈ।