pm hassan appeals for help: ਬੇਰੂਤ: ਲੇਬਨਾਨ ਦੇ ਪ੍ਰਧਾਨ ਮੰਤਰੀ ਹਸਨ ਦਿਆਬ ਨੇ ਲੇਬਨਾਨ ਦੇ ਬੇਰੂਤ ਵਿੱਚ ਹੋਏ ਭਿਆਨਕ ਧਮਾਕੇ ‘ਤੇ ਪ੍ਰਤੀਕ੍ਰਿਆ ਦਿੱਤੀ ਹੈ। ਉਨ੍ਹਾਂ ਨੇ ਇਸ ਨੂੰ ਇੱਕ ਖ਼ਤਰਨਾਕ ਗੋਦਾਮ ਦੱਸਿਆ ਹੈ। ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਜੋ ਵੀ ਇਸ ਘਟਨਾ ਲਈ ਜ਼ਿੰਮੇਵਾਰ ਹੈ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਪ੍ਰਧਾਨ ਮੰਤਰੀ ਤੋਂ ਇਲਾਵਾ ਲੇਬਨਾਨ ਦੇ ਰਾਸ਼ਟਰਪਤੀ ਨੇ ਵੀ ਇਸ ਬਾਰੇ ਇੱਕ ਬਿਆਨ ਦਿੱਤਾ ਹੈ। ਰਾਸ਼ਟਰਪਤੀ ਮਿਸ਼ੇਲ ਆਉਨ ਨੇ ਕਿਹਾ ਹੈ ਕਿ ਇਸ ਨੂੰ ਕਿਸੇ ਵੀ ਤਰਾਂ ਸਵੀਕਾਰ ਨਹੀਂ ਕੀਤਾ ਜਾ ਸਕਦਾ ਕਿ ਕਿਵੇਂ 2,750 ਟਨ ਅਮੋਨੀਅਮ ਨਾਈਟ੍ਰੇਟ ਨੂੰ ਅਸੁਰੱਖਿਅਤ ਢੰਗ ਨਾਲ ਇੱਥੇ ਰੱਖਿਆ ਗਿਆ ਸੀ। ਲੇਬਨਾਨ ਦੇ ਪ੍ਰਧਾਨ ਮੰਤਰੀ ਹਸਨ ਦਿਆਬ ਨੇ ਬੇਰੂਤ ਵਿੱਚ ਧਮਾਕੇ ਤੋਂ ਬਾਅਦ ਇੱਕ ਸੰਖੇਪ ਟੈਲੀਵਿਜ਼ਨ ਭਾਸ਼ਣ ਵਿੱਚ ਸਾਰੇ ਦੇਸ਼ਾਂ ਅਤੇ ਲੇਬਨਾਨ ਦੇ ਦੋਸਤਾਂ ਨੂੰ ਮਦਦ ਦੀ ਅਪੀਲ ਕੀਤੀ ਹੈ। ਦਿਆਬ ਨੇ ਕਿਹਾ ਕਿ “ਅਸੀਂ ਸੱਚਮੁੱਚ ਤਬਾਹੀ ਦਾ ਸਾਹਮਣਾ ਕਰ ਰਹੇ ਹਾਂ।” ਹਾਲਾਂਕਿ, ਉਨ੍ਹਾਂ ਨੇ ਇਸਦੇ ਪਿੱਛੇ ਦੇ ਕਾਰਨਾਂ ਉੱਤੇ ਕੋਈ ਟਿੱਪਣੀ ਨਹੀਂ ਕੀਤੀ।
ਦਿਆਬ ਦਾ ਭਾਸ਼ਣ ਬੇਰੂਤ ਵਿੱਚ ਹੋਏ ਧਮਾਕੇ ਤੋਂ ਬਾਅਦ ਆਇਆ ਹੈ, ਜਿਸ ਵਿੱਚ ਘੱਟੋ ਘੱਟ 100 ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ ਹਜ਼ਾਰਾਂ ਹੋਰ ਜ਼ਖਮੀ ਹੋਏ ਸਨ। ਧਿਆਨ ਯੋਗ ਹੈ ਕਿ ਬੁੱਧਵਾਰ ਸਵੇਰ ਤੱਕ ਬੰਦਰਗਾਹ ਦਾ ਧੂੰਆਂ ਉੱਠ ਰਿਹਾ ਸੀ ਅਤੇ ਸ਼ਹਿਰ ਦੀਆਂ ਪ੍ਰਮੁੱਖ ਸੜਕਾਂ ਮਲਬੇ ਨਾਲ ਭਰੀਆਂ ਪਈਆਂ ਹਨ ਅਤੇ ਧਮਾਕੇ ਕਾਰਨ ਵਾਹਨ ਨੁਕਸਾਨੇ ਗਏ ਹਨ। ਇਮਾਰਤਾਂ ਨੂੰ ਵੀ ਭਾਰੀ ਨੁਕਸਾਨ ਹੋਇਆ ਹੈ। ਲੇਬਨਾਨ ਦੇ ਰੈਡ ਕਰਾਸ ਦੇ ਅਧਿਕਾਰੀ ਜਾਰਜ ਕੇੱਟਨੇਹ ਨੇ ਕਿਹਾ ਕਿ ਘੱਟੋ ਘੱਟ 100 ਲੋਕਾਂ ਦੀ ਮੌਤ ਹੋ ਗਈ ਹੈ, ਜਦੋਂ ਕਿ 4,000 ਤੋਂ ਵੱਧ ਲੋਕ ਜ਼ਖਮੀ ਹੋਏ ਹਨ ਅਤੇ ਮਰਨ ਵਾਲਿਆਂ ਦੀ ਗਿਣਤੀ ਹੋਰ ਵੱਧ ਸਕਦੀ ਹੈ।