sushma swaraj first death anniversary: ਅੱਜ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਅਤੇ ਦੇਸ਼ ਦੀ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੀ ਪਹਿਲੀ ਬਰਸੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਹੋਰ ਨੇਤਾਵਾਂ ਨੇ ਸੁਸ਼ਮਾ ਸਵਰਾਜ ਨੂੰ ਯਾਦ ਕੀਤਾ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ਪੀਐਮ ਮੋਦੀ ਨੇ ਲਿਖਿਆ ਕਿ ਸੁਸ਼ਮਾ ਸਵਰਾਜ ਵਿਸ਼ਵ ਮੰਚ ‘ਤੇ ਭਾਰਤ ਦੀ ਸਖ਼ਤ ਆਵਾਜ਼ ਸੀ। ਸਿਰਫ ਪ੍ਰਧਾਨ ਮੰਤਰੀ ਹੀ ਨਹੀਂ, ਕਈ ਹੋਰ ਕੇਂਦਰੀ ਮੰਤਰੀਆਂ ਨੇ ਵੀ ਸੁਸ਼ਮਾ ਸਵਰਾਜ ਨੂੰ ਯਾਦ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਟਵੀਟ ਵਿੱਚ ਲਿਖਿਆ ਕਿ, “ਸੁਸ਼ਮਾ ਜੀ ਦੀ ਪਹਿਲੀ ਬਰਸੀ ਮੌਕੇ ਉਨ੍ਹਾਂ ਨੂੰ ਸਲਾਮ। ਹਰ ਕੋਈ ਉਨ੍ਹਾਂ ਦੀ ਮੌਤ ਤੋਂ ਦੁਖੀ ਸੀ। ਉਨ੍ਹਾਂ ਨੇ ਦੇਸ਼ ਦੀ ਸੇਵਾ ਕੀਤੀ ਅਤੇ ਦੁਨੀਆ ਵਿੱਚ ਭਾਰਤ ਲਈ ਇੱਕ ਮਜ਼ਬੂਤ ਆਵਾਜ਼ ਬਣੇ।” ਪੀਐਮ ਮੋਦੀ ਨੇ ਸੁਸ਼ਮਾ ਸਵਰਾਜ ਦੀ ਪ੍ਰਾਰਥਨਾ ਸਭਾ ਵਿੱਚ ਦਿੱਤੇ ਭਾਸ਼ਣ ਨੂੰ ਵੀ ਇਸ ਨਾਲ ਸਾਂਝਾ ਕੀਤਾ।
ਸੁਸ਼ਮਾ ਸਵਰਾਜ ਦੀ ਬੇਟੀ ਬੰਸਰੀ ਸਵਰਾਜ ਨੇ ਵੀ ਟਵੀਟ ‘ਤੇ ਇੱਕ ਪੁਰਾਣੀ ਫੋਟੋ ਸ਼ੇਅਰ ਕੀਤੀ ਹੈ। ਉਸ ਨੇ ਇਹ ਵੀ ਲਿਖਿਆ ਕਿ, “ਮਾਂ ਤੂੰ ਮੇਰੀ ਤਾਕਤ ਵਜੋਂ ਹਮੇਸ਼ਾਂ ਮੇਰੇ ਨਾਲ ਹੈ, ਹੇ ਕ੍ਰਿਸ਼ਨ ਮੇਰੀ ਮਾਂ ਦਾ ਖਿਆਲ ਰੱਖਣਾ! ਮਹੱਤਵਪੂਰਨ ਗੱਲ ਇਹ ਹੈ ਕਿ ਪਿੱਛਲੇ ਸਾਲ ਸੰਸਦ ‘ਚ ਧਾਰਾ 370 ਹਟਾ ਦਿੱਤੀ ਗਈ ਸੀ ਅਤੇ ਭਾਰਤੀ ਜਨਤਾ ਪਾਰਟੀ ਜਸ਼ਨ ਮਨਾ ਰਹੀ ਸੀ। ਉਸੇ ਸ਼ਾਮ ਨੂੰ ਸੁਸ਼ਮਾ ਸਵਰਾਜ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ ਸੀ, 67 ਸਾਲ ਦੀ ਉਮਰ ਵਿੱਚ ਸੁਸ਼ਮਾ ਸਵਰਾਜ ਨੇ 6 ਅਗਸਤ 2019 ਨੂੰ ਆਖਰੀ ਸਾਹ ਲਿਆ। ਸਿਹਤ ਖਰਾਬ ਹੋਣ ਕਾਰਨ ਸੁਸ਼ਮਾ ਸਵਰਾਜ ਨੇ ਸਾਲ 2019 ‘ਚ ਲੋਕ ਸਭਾ ਚੋਣਾਂ ਲੜਨ ਤੋਂ ਇਨਕਾਰ ਕਰ ਦਿੱਤਾ, ਇਸੇ ਕਰਕੇ ਉਹ ਸਰਕਾਰ ਦਾ ਹਿੱਸਾ ਵੀ ਨਹੀਂ ਬਣ ਸਕੇ ਸਨ।
ਮੋਦੀ ਸਰਕਾਰ ਦੇ ਪਹਿਲੇ ਕਾਰਜਕਾਲ ਦੌਰਾਨ ਸੁਸ਼ਮਾ ਸਵਰਾਜ ਦੇ ਵਿਦੇਸ਼ ਮੰਤਰੀ ਵਜੋਂ ਕੰਮ ਦੀ ਨਾ ਸਿਰਫ ਦੇਸ਼ ‘ਚ, ਬਲਕਿ ਵਿਦੇਸ਼ਾਂ ਵਿੱਚ ਵੀ ਪ੍ਰਸ਼ੰਸਾ ਹੋਈ। ਉਹ ਇੱਕ ਟਵੀਟ ‘ਤੇ ਬਾਹਰ ਫਸੇ ਇੱਕ ਭਾਰਤੀ ਦੀ ਮਦਦ ਦਾ ਆਦੇਸ਼ ਵੀ ਦਿੰਦੇ ਸੀ, ਜਿਸ ਨਾਲ ਉਹ ਲੋਕਾਂ ‘ਚ ਮਸ਼ਹੂਰ ਹੋਏ ਸਨ। ਸੁਸ਼ਮਾ ਸਵਰਾਜ ਨੂੰ ਭਾਰਤੀ ਜਨਤਾ ਪਾਰਟੀ ਦੇ ਉਨ੍ਹਾਂ ਨੇਤਾਵਾਂ ਵਿੱਚ ਗਿਣਿਆ ਜਾਂਦਾ ਹੈ ਜੋ ਆਪਣੇ ਭਾਸ਼ਣ ਦੇ ਢੰਗ ਨਾਲ ਵਿਰੋਧੀ ਧਿਰ ਨੂੰ ਹਰਾਉਂਦੇ ਸਨ। 2014 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਉਨ੍ਹਾਂ ਦਾ ਨਾਮ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਬਣਨ ਦੀ ਦੌੜ ਵਿੱਚ ਵੀ ਸੀ।