ASI reported corona positive : ਚੰਡੀਗੜ੍ਹ : ਕੋਰੋਨਾ ਮਹਾਮਾਰੀ ਬਾਰੇ ਲੋਕਾਂ ਨੂੰ ਗਾਣੇ ਗਾ ਕੇ ਜਾਗਰੂਕ ਕਰਨ ਵਾਲੇ ਚੰਡੀਗੜ੍ਹ ਪੁਲਿਸ ਦੇ ਏਐਸਆਈ ਭੁਪਿੰਦਰ ਸਿੰਘ ਵੀ ਇਸ ਵਾਇਰਸ ਦੀ ਲਪੇਟ ਵਿਚ ਆ ਗਏ ਹਨ। ਬੀਤੇ ਦਿਨ ਉਨ੍ਹਾਂ ਦੀ ਰਿਪੋਰਟ ਵਿਚ ਕੋਰੋਨਾ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ। ਉਹ ਇਸ ਵਾਇਰਸ ਦੀ ਲਪੇਟ ਵਿਚ ਕਿਸ ਤਰ੍ਹਾਂ ਆਏ ਇਸ ਬਾਰੇ ਅਜੇ ਕੁਝ ਪਤਾ ਨਹੀਂ ਲੱਗਾ।
ਮਿਲੀ ਜਾਣਕਾਰੀ ਮੁਤਾਬਕ ਹਲਕੇ ਲੱਛਣ ਦਿਖਾਈ ਦੇਣ ’ਤੇ ਉਨ੍ਹਾਂ ਨੇ 3 ਅਗਸਤ ਨੂੰ ਕੋਰੋਨਾ ਟੈਸਟ ਕਰਵਾਇਆ ਸੀ, ਜਿਸ ਦੀ ਵੀਰਵਾਰ ਨੂੰ ਰਿਪੋਰਟ ਪਾਜ਼ੀਟਿਵ ਆਈ। ਉਨ੍ਹਾਂ ਦੀ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਸੈਕਟਰ-23 ਸਥਿਤ ਟ੍ਰੈਫਿਕ ਪਾਰਕ, ਜਿਥੇ ਉਹ ਤਾਇਨਾਤ ਹਨ, ਨੂੰ ਸੈਨੇਟਾਈਜ਼ ਕੀਤਾ ਗਿਆ। ਉਨ੍ਹਾਂ ਨੂੰ ਜੀਐਮਐਸਐਚ-16 ਵਿਚ ਭਰਤੀ ਕਿਤਾ ਗਿਆਹੈ। ਇਸ ਦੇ ਨਾਲ ਹੁਣ ਉਨ੍ਹਾਂ ਦੇ ਸੰਪਰਕ ਵਿਚ ਆਉਣ ਵਾਲਿਆਂ ਦੀ ਵੀ ਭਾਲ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਇਕ ਦਿਨ ਪਹਿਲਾਂ ਭੁਪਿੰਦਰ ਟ੍ਰੈਫਿਕ ਚਿਲਡ੍ਰੈਨ ਪਾਰਕ ਵਿਚ ਆਪਣੇ ਕੁਝ ਸਾਥੀਆਂ ਨੂੰ ਵੀ ਮਿਲਣ ਗਏ ਸਨ।
ਦੱਸਣਯੋਗ ਹੈ ਕਿ ਭੁਪਿੰਦਰ ਨੇ ਸ਼ਹਿਰ ਵਿਚ ਕੋਰੋਨਵਾਇਰਸ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਇਕ ਜਾਗਰੂਕਤਾ ਮੁਹਿੰਮ ਚਲਾਈ ਸੀ। ਉਨ੍ਹਾਂ ਨੇ ਵੱਖ-ਵੱਖ ਸੈਕਟਰਾਂ ਵਿਚ ਪੈਟਰੋਲਿੰਗ ਕਰਦੇ ਹੋਏ ’ਕੋਰੋਨਾ ਸੇ ਬਚਨਾ ਹੈ ਤੋ ਘਰ ਪਰ ਹੀ ਰਹੇਂ’ ਗਾਣਾ ਗਾ ਕੇ ਲੋਕਾਂ ਨੂੰ ਨਾ ਸਿਰਫ ਘਰ ਵਿਚ ਰਹਿਣ ਦੀ ਅਪੀਲ ਕੀਤੀ, ਸਗੋਂ ਇਸ ਤਣਾਅ ਭਰੇ ਸਮੇਂ ਵਿਚ ਉਨ੍ਹਾਂ ਨੇ ਲੋਕਾਂ ਦਾ ਉਤਸ਼ਾਹ ਵੀ ਵਧਾਇਆ। ਉਹ ਹੁਣ ਤੱਕ 20 ਤੋਂ ਵੱਧ ਗਾਣੇ ਲਿਖ ਚੁੱਕੇ ਹਨ ਉਨ੍ਹਾਂ ਦੇ ਸਾਰੇ ਗਾਣੇ ਟ੍ਰੈਫਿਕ ਨਿਯਮਾਂ ਨਾਲ ਸਬੰਧਤ ਹਨ, ਜਿਨ੍ਹਾਂ ਦੀ ਲੋਕਾਂ ਵੱਲੋਂ ਕਾਫੀ ਸ਼ਲਾਘਾ ਕੀਤੀ ਜਾਂਦੀ ਰਹੀ ਹੈ।