New laboratories will open : ਅੰਮ੍ਰਿਤਸਰ : ਸੂਬੇ ਵਿਚ ਸੋਮਵਾਰ ਨੂੰ ਤਿੰਨ ਸ਼ਹਿਰਾਂ ਵਿਚ ਕੋਰੋਨਾ ਦੀ ਜਾਂਚ ਲਈ ਚਾਰ ਨਵੀਆਂ ਲੈਬਾਰਟਰੀਆਂ ਖੋਲ੍ਹੀਆਂ ਜਾਣਗੀਆਂ, ਜਿਸ ਨਾਲ ਪੰਜਾਬ ਦੀ ਰੋਜ਼ਾਨਾ ਕੋਰੋਨਾ ਟੈਸਟ ਸਮਰੱਥਾ 16 ਹਜ਼ਾਰ ਹੋ ਜਾਵੇਗੀ। ਇਨ੍ਹਾਂ ਵਿਚ ਦੋ ਲੈਬ ਮੋਹਾਲੀ ਵਿਚ ਅਤੇ ਜਲੰਧਰ ਤੇ ਲੁਧਿਆਣਾ ਵਿਚ ਇਕ-ਇਕ ਲੈਬ ਖੋਲ੍ਹੀ ਜਾਵੇਗੀ। ਇਨ੍ਹਾਂ ਸਾਰੀਆਂ ਲੈਬਾਂ ਵਿਚ ਰੋਜ਼ਾਨਾ ਇਕ-ਇਕ ਹਜ਼ਾਰ ਦੇ ਲਗਭਗ ਕੋਰੋਨਾ ਟੈਸਟ ਕੀਤੇ ਜਾਣਗੇ।
ਇਹ ਜਾਣਕਾਰੀ ਦਿੰਦਿਆਂ ਡਾਕਟਰੀ ਸਿੱਖਿਆ ਅਤੇ ਖੋਜ ਮੰਤਰੀ ਸ਼੍ਰੀ ਓ.ਪੀ. ਸੋਨੀ ਨੇ ਦੱਸਿਆ ਕਿ ਪਹਿਲਾਂ ਮੈਡੀਕਲ ਕਾਲਜਾਂ ਦੀ ਕੋਰੋਨਾ ਟੈਸਟਾਂ ਦੀ ਸਮਰੱਥਾ 12 ਹਜ਼ਾਰ ਸੀ, ਜੋ ਹੁਣ 16 ਹਜ਼ਾਰ ਹੋ ਜਾਵੇਗੀ ਅਤੇ ਅਗਲੇ ਇਕ ਮਹੀਨੇ ਤੱਕ ਇਸ ਨੂੰ ਵਧਾ ਕੇ 20 ਹਜ਼ਾਰ ਦੇ ਕਰੀਬ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸ਼ਹਿਰਾਂ ਵਿਚ ਵੱਡੇ ਢਾਬੇ, ਹੋਟਲ, ਰੈਸਟੋਰੈਟਂਟ ਆਦਿ ਵੱਡੀ ਗਿਣਤੀ ਵਿਚ ਲੋਕਾਂ ਦੀ ਆਵਾਜਾਈ ਵਾਲੇ ਸਥਾਨਾਂ ’ਤੇ ਕੋਵਿਡ ਟੈਸਟ ਕੀਤੇ ਜਾਣਗੇ। ਉਨ੍ਹਾਂ ਨੇ ਲੋਕਾਂ ਨੂੰ ਸਾਵਧਾਨੀ ਰਖਣ ਦੀ ਅਤੇ ਸਰਕਾਰ ਵੱਲੋਂ ਕੋਵਿਡ-19 ਸਬੰਧੀ ਦਿੱਤੀਆਂ ਹਿਦਾਇਤਾਂ ਦੀ ਪਾਲਣਾ ਕਰਨ ਲਈ ਕਿਹਾ।
ਦੱਸਣਯੋਗ ਹੈ ਕਿ ਪਹਿਲਾਂ ਪੰਜਾਬ ਵਿਚ ਕੋਰੋਨਾ ਟੈਸਟ ਲਈ ਪੁਣੇ ਵਿਚ ਸੈਂਪਲ ਭੇਜਣੇ ਪੈਂਦੇ ਸਨ, ਜਿਸ ਦੀ ਰਿਪੋਰਟ ਆਉਣ ਵਿਚ ਪੰਜ ਤੋਂ ਸੱਤ ਦਿਨਾਂ ਦਾ ਸਮਾਂ ਲੱਗ ਜਾਂਦਾ ਸੀ ਪਰ ਹੁਣ ਪੰਜਾਬ ਦੇ ਮੈਡੀਕਲ ਕਾਲਜਾਂ ਵਿਚ 597144 ਟੈਸਟ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਵਿਚੋਂ ਪਟਿਆਲਾ ਵਿਚ 222822, ਅੰਮ੍ਰਿਤਸਰ ਮੈਡੀਕਲ ਕਾਲਜ ਵਿਚ 206973 ਅਤੇ ਫਰੀਦਕੋਟ ਦੇ ਮੈਡੀਕਲ ਕਾਲਜ ਵਿਚ 161949 ਕੋਵਿਡ ਟੈਸਟ ਕੀਤੇ ਜਾ ਚੁੱਕੇ ਹਨ।