Kailash Satyarthi congratulated : ਦੋ ਦਿਨ ਪਹਿਲਾਂ ਜਲੰਧਰ ਵਿਖੇ ਰਬੜ ਇੰਡਸਟਰੀ ਤੋਂ 47 ਮਜ਼ਦੂਰਾਂ ਨੂੰ ਆਜ਼ਾਦ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਸੀ। ਇਸੇ ਸਬੰਧ ਵਿਚ ਨੋਬਲ ਸ਼ਾਂਤੀ ਪੁਰਸਕਾਰ ਜੇਤੂ ਕੈਲਾਸ਼ ਸਤਿਆਰਥੀ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਪੁਲਿਸ ਨੂੰ ਵਧਾਈ ਦਿੱਤੀ ਹੈ। ਨਾਲ ਹੀ ਉਨ੍ਹਾਂ ਨੇ ਪੰਜਾਬ ਨੂੰ ਬਾਲ ਆਸ਼ਰਮ ਮੁਕਤ ਕਰਾਉਣ ਦੀ ਮੁਹਿੰਮ ਵਿਚ ਪੂਰਾ ਸਹਿਯੋਗ ਦੇਣ ਦਾ ਵੀ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਬੱਚਿਆਂ ਦੀ ਸਮਗਲਿੰਗ ਤੋਂ ਮੁਕਤ ਬਣਾਉਣ ਲਈ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ।
ਮਿਲੀ ਜਾਣਕਾਰੀ ਮੁਤਾਬਕ ਪੁਲਿਸ ਵਲੋਂ ਵੀਰਵਾਰ ਨੂੰ ਇਕ ਫੈਕਟਰੀ ਤੋਂ 47 ਬਾਲ ਮਜ਼ਦੂਰਾਂ ਨੂੰ ਆਜ਼ਾਦ ਕਰਵਾਇਆ ਗਿਆ ਸੀ। ਇਨ੍ਹਾਂ ਵਿਚ 13 ਕੁੜੀਆਂ ਹਨ ਤੇ ਸਾਰਿਆਂ ਦੀ ਉਮਰ ਲਗਭਗ 12 ਸਾਲ ਦੇ ਨੇੜੇ-ਤੇੜੇਹੈ। ਇਨ੍ਹਾਂ ਵਿਚੋਂ ਜ਼ਿਆਦਾਤਰ ਬੱਚੇ ਉੱਤਰ ਪ੍ਰਦੇਸ਼, ਬਿਹਾਰ ਤੇ ਨੇਪਾਲ ਦੇ ਰਹਿਣ ਵਾਲੇ ਹਨ। ਪੁਲਿਸ ਕਮਿਸ਼ਨਰ ਗੁਰਪ੍ਰੀਤ ਭੁੱਲਰ ਨੇ ਦੱਸਿਆ ਕਿ ਜਦੋਂ 47 ਬੱਚਿਆਂ ਨੂੰ ਜਲੰਧਰ ਦੀ ਰਬੜ ਫੈਕਟਰੀ ਤੋਂ ਮੁਕਤ ਕਰਵਾਇਆ ਗਿਆ ਹੈ ਤੇ ਇਸ ਦੀ ਸੂਚਨਾ ਡੀ.ਸੀ. ਘਣਸ਼ਿਆਮ ਥੋਰੀ ਨੂੰ ਵੀ ਦਿੱਤੀ ਗਈ, ਜਿਸ ਕਰਕੇ ਇਕ ਟੀਮ ਦਾ ਗਠਨ ਕੀਤਾ ਗਿਆ ਜਿਨ੍ਹਾਂ ਵਲੋਂ ਕਾਰਵਾਈ ਕਰਦੇ ਹੋਏ ਬੱਚਿਆਂ ਨੂੰ ਫੈਕਟਰੀ ਮਾਲਕਾਂ ਦੇ ਚੁੰਗਲ ਤੋਂ ਬਚਾਇਆ ਗਿਆ।
ਦੂਜੇ ਪਾਸੇ ਫੈਕਟਰੀ ਮਾਲਕਾਂ ਤੇ ਤੇ ਠੇਕੇਦਾਰਾਂ ਖਿਲਾਫ ਬਾਲ ਮਜ਼ਦੂਰੀ ਕਾਨੂੰਨ, ਜਸਟਿਸ ਜੁਵੇਨਾਈਲ ਐਕਟ, 188 ਆਈ. ਪੀ. ਸੀ., ਐਪੀਡੇਮਿਕ ਡਿਜੀਜ ਤੇ ਡਿਜਾਸਟਰ ਐਕਟ ਤਹਿਤ ਕੇਸ ਵੀ ਦਰਜ ਕੀਤਾ ਗਿਆ ਹੈ ਤੇ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸੇ ਦਿਸ਼ਾ ਵਿਚ ਕਈ ਵਰ੍ਹਿਆਂ ਤੋਂ ਕੰਮ ਕਰ ਰਹੇ ਨੋਬਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕੈਲਾਸ਼ ਸਤਿਆਰਥੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵਧਾਈ ਦਿੰਦੇ ਹੋਏ ਸਹਿਯੋਗ ਦਾ ਭਰੋਸਾ ਦਿੱਤਾ।