India trajectory a worry: ਰੋਜ਼ਾਨਾ ਦਰਜ ਕੀਤੇ ਜਾ ਰਹੇ ਕੋਰੋਨਾ ਵਾਇਰਸ ਦੇ ਨਵੇਂ ਕੇਸਾਂ ਦੀ ਦੌੜ ਵਿੱਚ ਭਾਰਤ ਨੇ ਅਮਰੀਕਾ ਨੂੰ ਪਛਾੜ ਦਿੱਤਾ ਹੈ। ਇੱਕ ਨਵੀਂ ਰਿਪੋਰਟ ਅਨੁਸਾਰ ਭਾਰਤ ਵਿੱਚ ਰੋਜ਼ਾਨਾ ਕੋਰੋਨਾ ਦੇ ਸਭ ਤੋਂ ਜ਼ਿਆਦਾ ਕੇਸ ਸਾਹਮਣੇ ਆ ਰਹੇ ਹਨ। ਉੱਥੇ ਹੀ ਦੂਜੇ ਪਾਸੇ ਜੇਕਰ ਕੋਵਿਡ -19 ਦੇ ਕੁੱਲ ਮਾਮਲਿਆਂ ਦੀ ਗੱਲ ਕੀਤੀ ਜਾਵੇ ਤਾਂ ਪੂਰੀ ਦੁਨੀਆ ਵਿੱਚ ਦੋ ਕਰੋੜ (20 ਮਿਲੀਅਨ) ਤੋਂ ਵੱਧ ਮਾਮਲੇ ਹਨ, ਜਿਸ ਵਿੱਚ ਕ੍ਰਮਵਾਰ ਅਮਰੀਕਾ, ਬ੍ਰਾਜ਼ੀਲ ਅਤੇ ਭਾਰਤ ਸਭ ਤੋਂ ਅੱਗੇ ਹਨ । ਅਮਰੀਕਾ ਤੋਂ ਬਾਅਦ ਬ੍ਰਾਜ਼ੀਲ ਵਿੱਚ ਕੋਰੋਨਾ ਕਾਰਨ 1 ਲੱਖ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ, ਅਜਿਹੇ ਵਿੱਚ ਹੁਣ ਭਾਰਤ ਦੀ ਸਥਿਤੀ ਨੂੰ ਲੈ ਕੇ ਚਿੰਤਾ ਜਤਾਈ ਜਾ ਰਹੀ ਹੈ।
ਬ੍ਰਾਜ਼ੀਲ ਵਿੱਚ ਵੀ ਸ਼ੁਰੂ ਵਿੱਚ ਕੋਰੋਨਾ ਤੋਂ ਹੋਈਆਂ ਮੌਤਾਂ ਦੀ ਦਰ ਇੰਨੀ ਜ਼ਿਆਦਾ ਨਹੀਂ ਸੀ। ਬ੍ਰਾਜ਼ੀਲ ਵਿੱਚ 164 ਦਿਨਾਂ ਵਿੱਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 1 ਲੱਖ ਤੱਕ ਪਹੁੰਚ ਗਈ। ਬ੍ਰਾਜ਼ੀਲ ਵਿੱਚ ਕੋਰੋਨਾ ਤੋਂ ਪਹਿਲੀ ਮੌਤ 12 ਮਾਰਚ ਨੂੰ ਹੋਈ ਸੀ ਅਤੇ ਉਸ ਤੋਂ ਬਾਅਦ 9 ਮਈ ਤੱਕ ਕੋਰੋਨਾ ਦੀ ਲਾਗ ਕਾਰਨ ਦਸ ਹਜ਼ਾਰ ਮੌਤਾਂ ਹੋਈਆਂ ਸਨ। ਜਿਸ ਤੋਂ ਬਾਅਦ ਹੁਣ ਭਾਰਤ ਵਿੱਚ ਵੀ ਕੋਰੋਨਾ ਵਾਇਰਸ ਦੀ ਲਾਗ ਤੇਜ਼ੀ ਨਾਲ ਵੱਧ ਰਹੀ ਹੈ। ਇੱਥੇ ਹਰ ਦਿਨ 50 ਹਜ਼ਾਰ ਤੋਂ ਵੱਧ ਨਵੇਂ ਕੇਸ ਸਾਹਮਣੇ ਆ ਰਹੇ ਹਨ। ਭਾਰਤ ਵਿੱਚ ਕੋਰੋਨਾ ਕਾਰਨ 44 ਹਜ਼ਾਰ ਲੋਕਾਂ ਦੀ ਮੌਤ ਵੀ ਹੋ ਗਈ ਹੈ।
ਐਤਵਾਰ ਤੱਕ ਪੂਰੀ ਦੁਨੀਆ ਵਿੱਚ ਕੋਰੋਨਾ ਦੇ ਪੀੜਤਾਂ ਦੀ ਗਿਣਤੀ 19,922,762 ਦਰਜ ਕੀਤੀ ਗਈ ਹੈ, ਜਿਸ ਵਿੱਚ 3.7% ਦੀ ਦਰ ਨਾਲ ਕੁੱਲ 731,747 ਦੀ ਮੌਤ ਹੋਈ ਹੈ। ਭਾਰਤ ਦੀ ਗੱਲ ਕਰੀਏ ਤਾਂ ਐਤਵਾਰ ਤੱਕ ਕੋਰੋਨਾ ਪੀੜਤਾਂ ਦੀ ਗਿਣਤੀ ਵੱਧ ਕੇ 2,212,737 ਹੋ ਗਈ, ਜਿਸ ਵਿਚੋਂ 44,462 ਲੋਕਾਂ ਦੀ 2.01% ਦੀ ਦਰ ਨਾਲ ਮੌਤ ਹੋ ਗਈ। ਵਰਲਡਮੀਟਰ ਦੀ ਰਿਪੋਰਟ ਅਨੁਸਾਰ ਭਾਰਤ ਵਿੱਚ 1 ਅਗਸਤ ਤੋਂ 8 ਅਗਸਤ ਤੱਕ ਕੁੱਲ 399,263 ਕੋਵਿਡ -19 ਮਾਮਲੇ ਰਿਕਾਰਡ ਕੀਤੇ ਗਏ ਸਨ। ਜਦੋਂਕਿ ਇਨ੍ਹਾਂ 7 ਦਿਨਾਂ ਦੇ ਅਰਸੇ ਦੌਰਾਨ ਅਮਰੀਕਾ ਵਿੱਚ ਕੁੱਲ 384,089 ਕੇਸ ਦਰਜ ਹੋਏ ਹਨ, ਜੋ ਕਿ ਭਾਰਤ ਤੋਂ ਬਾਅਦ ਦੂਜੇ ਸਭ ਤੋਂ ਵੱਧ ਮਾਮਲੇ ਹਨ। ਇਸ ਸੰਕਟ ਦੀ ਮਿਆਦ ਵਿੱਚ ਭਾਰਤ ‘ਡੇਲੀ ਇਨਫੈਕਸ਼ਨ ਕੇਸ’ ਵਿੱਚ ਇੱਕ ਹਫ਼ਤੇ ਵਿੱਚ ਪਹਿਲੀ ਵਾਰ ਅਮਰੀਕਾ ਨੂੰ ਪਛਾੜ ਗਿਆ ਹੈ । ਭਾਰਤ ਵਿੱਚ ਕੋਰੋਨਾ ਦਾ ਅਜਿਹਾ ਵਾਧਾ ਅਮਰੀਕਾ ਅਤੇ ਭਾਰਤ ਵਿਚਲੇ ਅੰਤਰ ਨੂੰ ਖਤਮ ਕਰਨ ਦੀ ਸ਼ੁਰੂਆਤ ਹੋ ਸਕਦਾ ਹੈ।
ਵਰਲਡਮੀਟਰ ਦੀ ਰਿਪੋਰਟ ਅਨੁਸਾਰ ਇਸ ਤੋਂ ਪਹਿਲਾਂ ਦੇ ਸੱਤ ਦਿਨਾਂ ਵਿੱਚ ਅਮਰੀਕਾ 447,026 ਕੇਸਾਂ ਦੇ ਨਾਲ ਪਹਿਲੇ ਸਥਾਨ ‘ਤੇ ਸੀ। ਜਦੋਂਕਿ ਭਾਰਤ (366,196) ਦੂਜੇ ਅਤੇ ਬ੍ਰਾਜ਼ੀਲ (312,442) ਤੀਜੇ ਸਥਾਨ ‘ਤੇ ਸੀ । ਪਿਛਲੇ ਡੇਢ ਮਹੀਨਿਆਂ ਵਿੱਚ ਇਹ ਪਹਿਲਾ ਮੌਕਾ ਹੈ ਜਦੋਂ ਕੋਈ ਦੇਸ਼ ਰੋਜ਼ਾਨਾ ਲਾਗ ਦੇ ਮਾਮਲੇ ਵਿੱਚ ਅਮਰੀਕਾ ਨੂੰ ਪਛਾੜਦਾ ਹੈ। ਕੁਝ ਸਮੇਂ ਪਹਿਲਾਂ ਜਦੋਂ ਪੂਰੀ ਦੁਨੀਆ ਵਿੱਚ ਕੋਰੋਨਾ ਪੀੜਤਾਂ ਦੀ ਗਿਣਤੀ 18 ਮਿਲੀਅਨ ਦੇ ਕਰੀਬ ਸੀ, ਉਸ ਸਮੇਂ ਇਕੱਲੇ ਅਮਰੀਕਾ, ਬ੍ਰਾਜ਼ੀਲ ਅਤੇ ਭਾਰਤ ਵਿੱਚ ਇਸ ਦੇ ਤਕਰੀਬਨ 1 ਕਰੋੜ 10 ਲੱਖ ਮਰੀਜ਼ ਸਨ, ਜੋ ਕਿ ਕੁੱਲ ਕੋਰੋਨਾ ਸੰਕਰਮਿਤ ਆਬਾਦੀ ਦਾ 61 ਪ੍ਰਤੀਸ਼ਤ ਸੀ।