mandeep singh tests positive: ਭਾਰਤੀ ਫੀਲਡ ਹਾਕੀ ਟੀਮ ਦਾ ਫਾਰਵਰਡ ਮਨਦੀਪ ਸਿੰਘ ਕੋਵਿਡ -19 ਸਕਾਰਾਤਮਕ ਪਾਇਆ ਗਿਆ ਹੈ। ਉਹ ਇਸ ਜਾਨਲੇਵਾ ਬਿਮਾਰੀ ਨਾਲ ਸੰਕਰਮਿਤ ਹੋਣ ਵਾਲਾ ਛੇਵਾਂ ਰਾਸ਼ਟਰੀ ਹਾਕੀ ਖਿਡਾਰੀ ਹੈ। ਭਾਰਤੀ ਖੇਡ ਅਥਾਰਟੀ (ਸਾਈ) ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਜਲੰਧਰ ਦੇ 25 ਸਾਲਾ ਮਨਦੀਪ ‘ਚ ਇਸ ਬਿਮਾਰੀ ਦੇ ਕੋਈ ਲੱਛਣ ਨਹੀਂ ਵਿਖਾਈ ਦੇ ਰਹੇ ਅਤੇ ਡਾਕਟਰ ਉਸ ਦਾ ਇਲਾਜ ਪੰਜ ਹੋਰ ਖਿਡਾਰੀਆਂ ਦੇ ਨਾਲ ਬੰਗਲੁਰੂ ਵਿੱਚ ਕਰ ਰਹੇ ਹਨ। ਰਾਸ਼ਟਰੀ ਕੈਂਪ 20 ਅਗਸਤ ਤੋਂ ਬੈਂਗਲੁਰੂ ਦੇ ਸਾਈ ਸੈਂਟਰ ਵਿੱਚ ਸ਼ੁਰੂ ਹੋਣ ਜਾ ਰਿਹਾ ਹੈ। ਸਾਈ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ, “ਭਾਰਤੀ ਪੁਰਸ਼ ਹਾਕੀ ਟੀਮ ਦੇ ਮੈਂਬਰ ਮਨਦੀਪ ਸਿੰਘ ਦਾ ਬੰਗਲੌਰ ਵਿੱਚ ਸਾਈ ਦੇ ਨੈਸ਼ਨਲ ਸੈਂਟਰ ਆਫ਼ ਐਕਸੀਲੈਂਸ ਵਿੱਚ ਰਾਸ਼ਟਰੀ ਕੈਂਪ ਤੋਂ ਪਹਿਲਾਂ 20 ਹੋਰ ਖਿਡਾਰੀਆਂ ਨਾਲ ਕੋਵਡ ਟੈਸਟ (ਆਰਟੀ ਪੀਸੀਆਰ) ਹੋਇਆ ਅਤੇ ਉਹ ਪੌਜੇਟਿਵ ਨਿਕਲੇ ਹਨ। ਪਰ ਉਨ੍ਹਾਂ ਵਿੱਚ ਕੋਈ ਸੰਕੇਤ ਨਹੀਂ ਹਨ।”
ਭਾਰਤੀ ਕਪਤਾਨ ਮਨਪ੍ਰੀਤ ਸਿੰਘ ਅਤੇ ਚਾਰ ਹੋਰ ਖਿਡਾਰੀ ਪਿੱਛਲੇ ਮਹੀਨੇ ਇੱਕ ਮਹੀਨੇ ਦੇ ਵਿਰਾਮ ਤੋਂ ਬਾਅਦ ਸਾਈ ਸੈਂਟਰ ਵਿੱਚ ਪਰਤਣ ਤੋਂ ਬਾਅਦ ਕੋਰੋਨਾ ਵਾਇਰਸ ਪੌਜੇਟਿਵ ਪਾਏ ਗਏ ਸਨ। ਡਿਫੈਂਡਰ ਸੁਰੇਂਦਰ ਕੁਮਾਰ, ਜਸਕਰਨ ਸਿੰਘ, ਡਰੈਗ ਫਲਿੱਕਰ ਵਰੁਣ ਕੁਮਾਰ ਅਤੇ ਗੋਲਕੀਪਰ ਕ੍ਰਿਸ਼ਨਾ ਬਹਾਦਰ ਪਾਠਕ ਹੋਰ ਚਾਰ ਖਿਡਾਰੀ ਹਨ ਜੋ ਸਕਾਰਾਤਮਕ ਪਾਏ ਗਏ ਹਨ। ਸਾਈ ਦੇ ਡਾਕਟਰਾਂ ਅਨੁਸਾਰ, ਸਾਰੇ ਖਿਡਾਰੀ ਮਾਮੂਲੀ ਲੱਛਣ ਦਿਖਾ ਰਹੇ ਹਨ ਅਤੇ ਉਹ ਠੀਕ ਹਨ। ਉਨ੍ਹਾਂ ਨੂੰ ਬੰਗਲੁਰੂ ਵਿੱਚ ਨੈਸ਼ਨਲ ਸੈਂਟਰ ਆਫ ਐਕਸੀਲੈਂਸ ਵਿੱਚ ਰੱਖਿਆ ਗਿਆ ਹੈ। ਇਸ ਤੋਂ ਪਹਿਲਾਂ, ਕੋਰੋਨਾ ਵਾਇਰਸ ਕਾਰਨ ਦੇਸ਼ ਵਿਆਪੀ ਤਾਲਾਬੰਦੀ ਕਾਰਨ ਖਿਡਾਰੀ ਦੋ ਮਹੀਨਿਆਂ ਤੋਂ ਵੱਧ ਸਮੇਂ ਲਈ ਕੇਂਦਰ ‘ਚ ਅਟਕ ਗਏ ਸਨ। ਬਰੇਕ ਤੋਂ ਵਾਪਿਸ ਆਉਣ ‘ਤੇ, ਖਿਡਾਰੀਆਂ ਨੂੰ ਕੇਂਦਰ ‘ਚ ਸਿਖਲਾਈ ਦੁਬਾਰਾ ਸ਼ੁਰੂ ਕਰਨ ਤੋਂ ਪਹਿਲਾਂ ਲਾਜ਼ਮੀ ਏਕਾਂਤਵਾਸ ‘ਚ ਰਹਿਣਾ ਸੀ। ਭਾਰਤ ਵਿੱਚ ਕੋਰੋਨਾ ਵਾਇਰਸ ਦੇ ਸੰਕਰਮਣ ਦੇ 22 ਲੱਖ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ ਜਦਕਿ 45 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।