Excise department and : ਐਤਵਾਰ ਸਵੇਰੇ ਮੋਹਾਲੀ ਜਿਲ੍ਹੇ ਦੇ ਡੇਰਾਬੱਸੀ ਦੇ ਫੋਕਲ ਪੁਆਇੰਟ ‘ਚ ਤਿੰਨ ਫੈਕਟਰੀਆਂ ‘ਤੇ ਐਕਸਾਈਜ ਵਿਭਾਗ ਤੇ ਤਰਨਤਾਰਨ ‘ਚ ਬਣੀ ਸਪੈਸ਼ਲ ਐੱਸ. ਆਈ.ਟੀ. ਟੀਮ ਵਲੋਂ ਛਾਪਾ ਮਾਰਿਆ ਗਿਆ। ਇਸ ਛਾਪੇ ਦੌਰਾਨ 27600 ਲੀਟਰ ਸਪਰਿਟ ਵਰਗਾ ਤਰਲ ਪਦਾਰਥ ਫੜਿਆ ਗਿਆ ਹੈ ਜਿਸ ਦਾ ਇਸਤੇਮਾਲ ਸ਼ਰਾਬ ਬਣਾਉਣ ਵਿਚ ਕੰਮ ਲਿਆ ਜਾਂਦਾ ਸੀ। ਚਾਰ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਜਾਂਚ ਕੀਤੀ ਜਾ ਰਹੀ ਹੈ। ਐਕਸਾਈਜ਼ ਵਿਭਾਗ ਦੇ ਜੁਆਇੰਟ ਕਮਿਸ਼ਨਰ ਨਰੇਸ਼ ਦੁਬੇ ਤੇ ਤਰਨਤਾਰਨ ‘ਚ ਬਣਾਈ ਗਈ ਸਪੈਸ਼ਲ SIT ਦੇ ਡੀ. ਐੱਸ. ਪੀ. ਵਿਕਰਮ ਬਰਾੜ ਦੀ ਅਗਵਾਈ ‘ਚ ਫੋਕਲ ਪੁਆਇੰਟ ਦੀਆਂ 3 ਫੈਕਟਰੀਆਂ ‘ਤੇ ਛਾਪਾ ਮਾਰਿਆ ਗਿਆ ਸੀ ਜਿਸ ਤੋਂ ਬਾਅਦ ਕਾਫੀ ਮਾਤਰਾ ਵਿਚ ਸਪਿਰਟ ਮਿਲੀ।
ਪਿਛਲੇ ਹਫਤੇ ਡੇਰਾਬੱਸੀ ਦੇ ਜਵਾਹਰਪੁਰ ਇਲਾਕੇ ‘ਚ ਇਕ ਫੈਕਟਰੀ ‘ਚ ਛਾਪਾ ਮਾਰਿਆ ਗਿਆ ਸੀ ਤੇ ਉਥੋਂ ਸਪਰਿਟ ਫੜੀ ਗਈ ਸੀ ਤੇ 3 ਲੋਕਾਂ ਨੂੰ ਵੀ ਫੜਿਆ ਗਿਆ ਸੀ। ਵਿਭਾਗ ਵਲੋਂ ਸ਼ਰਾਬ ਬਣਾਉਣ ਲਈ ਇਸਤੇਮਾਲ ਹੋਣ ਵਾਲੀ ਇਸ ਲੀਕਵਡ ਨੂੰ ਸਭ ਤੋਂ ਵਧ ਮਾਤਰਾ ਵਿਚ ਫੜਿਆ ਗਿਆ ਹੈ। ਲੀਕਵਡ ਦੀ ਜਾਂਚ ਲਈ ਮੌਕੇ ‘ਤੇ ਫੋਰੈਂਸਿਕ ਟੀਮ ਨੂੰ ਬੁਲਾਇਆ ਗਿਆ ਹੈ। ਟੀਮ ਵਲੋਂ ਇਹ ਵੀ ਪਤਾ ਲਗਾਇਆ ਜਾਵੇਗਾ ਕਿ ਇਸ ਲੀਕਵਡ ਦਾ ਇਸਤੇਮਾਲ ਹੋਰ ਕਿਹੜੀ ਚੀਜ਼ ਬਣਾਉਣ ਲਈ ਕੀਤਾ ਜਾਂਦਾ ਹੈ।
ਪੰਜਾਬ ‘ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੁਣ ਤਕ 125 ਤੋਂ ਵਧ ਲੋਕ ਮਰ ਚੁੱਕੇ ਹਨ ਇਸ ਤੋਂ ਬਾਅਦ ਮੁੱਖ ਮੰਤਰੀ ਨੇ ਕਿਹਾ ਸੀ ਕਿ ਇਸ ਕਾਂਡ ‘ਚ ਭਾਵੇਂ ਕੋਈ ਵੀ ਨੇਤਾ ਹੋਵੇ ਜਾਂ ਫਿਰ ਕੋਈ ਉੱਚੀ ਪਹੁੰਚ ਵਾਲਾ ਵਿਅਕਤੀ ਉਸ ਨੂੰ ਛੱਡਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਸੀ ਕਿ ਲੀਕਰ ਮਾਫੀਆ ਨੂੰ ਖਤਮ ਕਰਨ ਤੋਂ ਬਾਅਦ ਹੀ ਚੈਨ ਲਿਆ ਜਾਵੇਗਾ। ਐਕਸਾਈਜ ਵਿਭਾਗ ਤੇ ਪੁਲਿਸ ਨੂੰ ਨਾਜਾਇਜ਼ ਸ਼ਰਾਬ ਬਣਾਉਣ ਵਾਲਿਆਂ ਖਿਲਾਫ ਕਾਰਵਾਈ ਕਰਨ ਲਈ ਕਿਹਾ ਗਿਆ ਹੈ। ਇਸੇ ਤਹਿਤ ਅੱਜ ਇੰਨੀ ਵੱਡੀ ਮਾਤਰਾ ‘ਚ ਸ਼ਰਾਬ ਬਣਾਉਣ ‘ਚ ਇਸਤੇਮਾਲ ਹੋਣ ਵਾਲਾ ਲੀਕਵਡ ਫੜਿਆ ਗਿਆ ਹੈ।