Biba Harsimrat Kaur : ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਲੰਗਰ ਦੇ ਪੈਸੇ ਨੂੰ ਲੈ ਕੇ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਵਲੋਂ 2017 ਤੋਂ ਲੈ ਕੇ ਹੁਣ ਤਕ ਦੇ ਲੰਗਰ ਦੇ ਨਾਂ ‘ਤੇ ਇਕੱਠੇ ਕੀਤੇ ਗਏ 3.13 ਕਰੋੜ ਰੁਪਏ ਦਾ ਹਿਸਾਬ ਮੰਗਿਆ ਹੈ। ਆਪਣੀ ਫੇਸਬੁੱਕ ਪੇਜ ‘ਤੇ ਪੋਸਟ ਕਰਕੇ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਲੰਗਰ ਦੇ ਨਾਂ ‘ਤੇ ਵਸੂਲੀ ਰਕਮ ਨੂੰ ਦਬਾ ਲਿਆ ਹੈ। ਜਿਸ ਤੋਂ ਸਾਬਤ ਹੁੰਦਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਚਾਹੁੰਦੇ ਹਨ ਕਿ ਸੰਗਤ ਦੇ ਹਕ ਲਈ ਗੁਰੂ ਘਰ ਵੀ ਉਨ੍ਹਾਂ ਦੀਆਂ ਮਿੰਨਤਾਂ ਕਰਨ ਜਦੋਂ ਕਿ ਲੰਗਰ ‘ਤੇ ਸਾਰਿਆਂ ਦਾ ਹੱਕ ਹੁੰਦਾ ਹੈ।
ਬੀਬਾ ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਨੂੰ 2019-20 ਦੇ ਜੀ. ਐੱਸ. ਟੀ. ਦੇ 12,187 ਕਰੋੜ ਰੁਪਏ ਦੀ ਕੁੱਲ ਰਕਮ ਜਾਰੀ ਕਰ ਚੁੱਕੀ ਹੈ। ਇਸ ਤੋਂ ਬਾਅਦ ਵੀ ਪੰਜਾਬ ਦੇ ਮੁੱਖ ਮੰਤਰੀ ਲੋਕਾਂ ਲਈ ਕੁਝ ਨਹੀਂ ਕਰ ਰਹੇ। ਪੰਜਾਬ ਸਰਕਾਰ ਨੇ ਆਪਣੀ ਆਰਥਿਕ ਤੰਗੀ ਬਾਰੇ ਦੱਸ ਕੇ ਸਰਕਾਰੀ ਮੁਲਾਜ਼ਮਾਂ ਦੇ ਮੋਬਾਈਲ ਭੱਤਿਆਂ ਤੋਂ ਬਾਅਦ ਸਰਕਾਰੀ ਵਿਭਾਗਾਂ ਨੂੰ ਟੂਰ ਲਈ ਮਿਲਣ ਵਾਲੇ ਪੈਟਰੋਲ ‘ਚ ਵੀ ਕਟੌਤੀ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਹਾਲਾਂਕਿ ਸਟੇਟ ਹੈੱਡ ਕੁਆਰਟਰ ‘ਤੇ ਇਹ ਕਟੌਤੀ 50 ਫੀਸਦੀ ਕੀਤੀ ਗਈ ਹੈ। ਮੁੱਖ ਮੰਤਰੀ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਦੇ ਵਿੱਤੀ ਹਾਲਾਤਾਂ ਨੂੰ ਸੁਧਾਰਨ ਤੋਂ ਇਲਾਵਾ ਸਰਕਾਰੀ ਮੁਲਾਜ਼ਮਾਂ ਨੂੰ ਸਮੇਂ ‘ਤੇ ਅਦਾਇਗੀ ਕਰਨ। ਲੋੜਵੰਦਾਂ ਨੂੰ ਸਗਨ ਤੇ ਪੈਨਸ਼ਨ ਯੋਜਨਾ ਦੀ ਰਕਮ ਵੀ ਦਿੱਤੀ ਜਾਵੇ।
ਕੈਪਟਨ ਸਰਕਾਰ ਨੂੰ ਜ਼ਹਿਰੀਲੀ ਸ਼ਰਾਬ ਨਾਲ ਮੌਤਾਂ ਲਈ ਜ਼ਿੰਮੇਵਾਰ ਠਹਿਰਾਉਂਦੇ ਹੋਏ ਉਸ ਨੂੰ ਬਰਖਾਸਤ ਕਰਨ ਦੀ ਮੰਗ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਫਿਰ ਚੰਡੀਗੜ੍ਹ ਰਾਜ ਭਵਨ ਤਕ ਵਿਰੋਧ ਮਾਰਚ ਕੀਤਾ। ਮਾਰਚ ਦੀ ਅਗਵਾਈ ਅਕਾਲੀ ਦਲ ਨੇ ਸਾਬਕਾ ਜੇਲ੍ਹ ਮੰਤਰੀ ਹੀਰਾ ਸਿੰਘ ਗਾਬੜੀਆ ਨੇ ਕੀਤੀ। ਉਨ੍ਹਾਂ ਨੇ ਰਾਜਪਾਲ ਤੋਂ ਮੰਗ ਕੀਤੀ ਕਿ ਇਸ ਦੀ ਸੀ. ਬੀ. ਆਈ. ਜਾਂਚ ਹੋਣੀ ਚਾਹੀਦੀ ਹੈ। ਇੰਝ ਲੱਗਦਾ ਹੈ ਕਿ ਜ਼ਹਿਰੀਲੀ ਸ਼ਰਾਬ ਮਾਮਲੇ ਵਿਚ ਕਾਂਗਰਸੀ ਨੇਤਾਵਾਂ ਦੀ ਸ਼ਮੂਲੀਅਤ ਹੈ ਤਾਂ ਹੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵਲੋਂ ਇਸ ਕਾਂਡ ਬਾਰੇ ਇਕ ਸ਼ਬਦ ਤਕ ਨਹੀਂ ਕਿਹਾ ਗਿਆ।