Launch of HFNC : IMA ਪੰਜਾਬ ਨੇ ਸੂਬਾ ਪ੍ਰਧਾਨ ਡਾ. ਨਵਜੋਤ ਦਹੀਆ ਅਤੇ ਸਕੱਤਰ ਡਾ. ਪਰਮਜੀਤ ਮਾਨ ਦੀ ਅਗਵਾਈ ‘ਚ ਕੋਵਿਡ-19 ਮਰੀਜ਼ਾਂ ਦੇ ਇਲਾਜ ਨੂੰ ਬਹੁਤ ਆਸਾਨ ਤੇ ਪ੍ਰਭਾਵਸ਼ਾਲੀ ਬਣਾਉਣ ਲਈ ਵੱਡੀ ਕੋਸ਼ਿਸ਼ ਕੀਤੀ। ਆਈ. ਐੱਮ. ਏ. ਪੰਜਾਬ ਵਲੋਂ ਸ਼ਾਹਕੋਟ ਕੋਲ ਬਿਲੀ ਚਹਾਰਮੀ ‘ਚ ਕੋਵਿਡ ਹਸਪਤਾਲ ਚਲਾਇਆ ਜਾ ਰਿਹਾ ਹੈ। ਇਥੇ ਇਕ ਨਵਾਂ ਵੈਂਟੀਲੇਟਰ ਉਪਕਰਨ ਪੇਸ਼ ਕੀਤਾ ਗਿਆ ਹੈ ਜਿਸ ਨੂੰ ਹਾਈ ਫਲੋ ਨੈਸਲ ਕੈਨੁਲਾ (HFNC) ਕਿਹਾ ਜਾਂਦਾ ਹੈ। ਕੋਵਿਡ ਹਸਪਤਾਲ ਦੇ ਨਿਦੇਸ਼ਕ ਡਾ. ਐੱਸ. ਪੀ. ਐੱਸ. ਸੋਚ ਨੇ ਦੱਸਿਆ ਕਿ ਵੈਂਟੀਲੇਸ਼ਨ ਥੈਰੇਪੀ ਦੇ ਇਸ ਨਵੇਂ ਰੂਪ ਦਾ ਪੰਜਾਬ ਵਿਚ ਕੁਝ ਚੁਣੇ ਹੋਏ ਕੇਂਦਰਾਂ ਦੁਆਰਾ ਹੀ ਇਸਤੇਮਾਲ ਕੀਤਾ ਜਾ ਰਿਹਾ ਹੈ।
ਇਹ HFNC ਉਪਕਰਨ ਡਾਕਟਰਾਂ ਦੀ ਦੇਖ-ਰੇਖ ਵਿਚ ਸਾਧਾਰਨ ਪੈਰਾ ਮੈਡੀਕਲ ਸਟਾਫ/ਨਰਸਾਂ ਦੁਆਰਾ ਚਲਾਇਆ ਜਾ ਸਕਦਾ ਹੈ। ਇਹ ਥੈਰੇਪੀ ਬਹੁਤ ਪ੍ਰਭਾਵੀ ਹੈ ਕਿਉਂਕਿ ਇਹ ਕੋਵਿਡ ਨਾਲ ਜੁੜੇ ਮਰੀਜ਼ਾਂ ਨੂੰ 40 ਲੀਟਰ ਤਕ ਆਸੀਜਨ ਦੇ ਸਕਦਾ ਹੈ। ਇਸ ਤੋਂ ਇਲਾਵਾ ਆਮ ਵੈਂਟੀਲੇਟਰ ਜੋ ਕਿ 12 ਤੋਂ 20 ਲੱਖ ‘ਚ ਮਿਲਦਾ ਹੈ, ਦੀ ਤੁਲਨਾ ਵਿਚ ਇਸ ਮਸ਼ੀਨ ਦੀ ਕੀਮਤ ਸਿਰਫ 2 ਲੱਖ ਪ੍ਰਤੀ ਯੂਨਿਟ ਹੈ।
IMA ਪ੍ਰਧਾਨ ਡਾ. ਨਵਜੋਤ ਦਹੀਆ, ਸਕੱਤਰ ਡਾ. ਪਰਮਜੀਤ ਮਾਨ ਤੇ ਕੋਵਿਡ ਹਸਪਤਾਲ ਦੇ ਨਿਦੇਸ਼ਕ ਡਾ. ਐੱਸ. ਪੀ. ਐੱਸ ਸੋਚ ਨੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਹਾਜ਼ਰੀ ‘ਚ HFNC ਦੇ ਕੰਮ ਦਾ ਪ੍ਰਦਰਸ਼ਨ ਕੀਤਾ। ਸਿਹਤ ਮੰਤਰੀ ਨੇ ਡਾ. ਨਵਜੋਤ ਦਹੀਆ ਅਤੇ ਉਨ੍ਹਾਂ ਦੀ ਟੀਮ ਦੀਆਂ ਕੋਸ਼ਿਸ਼ਾਂ ਦੀ ਪ੍ਰਸ਼ੰਸਾ ਕਰਦੇ ਹੋਏ ਇਸ ਮਸ਼ੀਨ ਲਈ IMA ਨੂੰ ਹਰ ਸੰਭਵ ਮਦਦ ਦੀ ਪੇਸ਼ਕਸ਼ ਕੀਤੀ। ਉਨ੍ਹਾਂ ਆਈ. ਐੱਮ. ਏ. ਟੀਮ ਨੂੰ ਸੂਬੇ ਭਰ ਦੇ ਵੱਖ-ਵੱਖ ਕੇਂਦਰਾਂ ‘ਤੇ ਅਜਿਹੇ ਉਪਕਰਨ ਖਰੀਦਣ ਅਤੇ ਸਥਾਪਤ ਕਰਨ ਦੀ ਸਲਾਹ ਦਿੱਤੀ ਤਾਂ ਕਿ ਲੋੜ ਪੈਣ ‘ਤੇ ਅਸੀਂ ਇਸ ਉਪਕਰਨ ਦੀ ਵਰਤੋਂ ਕਰ ਸਕੀਏ।