Zydus Cadila launches: ਨਵੀਂ ਦਿੱਲੀ: ਪੂਰੇ ਦੇਸ਼ ਵਿੱਚ ਕੋਰੋਨਾ ਵਾਇਰਸ ਤਬਾਹੀ ਮਚਾ ਰਿਹਾ ਹੈ। ਇਸੇ ਵਿਚਾਲੇ ਫਾਰਮਾ ਕੰਪਨੀ Zydus Cadila ਨੇ ਗਿਲਿਅਡ ਸਾਇੰਸਜ਼ ਐਂਟੀਵਾਇਰਲ ਡਰੱਗ ਰੇਮਡੇਸੀਵਿਰ ਦਾ ਸਭ ਤੋਂ ਸਸਤਾ ਜੇਨੇਰਿਕ ਸੰਸਕਰਣ ਲਾਂਚ ਕੀਤ ਹੈ। ਨਿਊਜ਼ ਏਜੇਂਸੀ ਅਨੁਸਾਰ Zydus ਨੇ ਇਸ ਦੀ ਕੀਮਤ 2800 ਪ੍ਰਤੀ 100mg ਸ਼ੀਸ਼ੀ ਰੱਖੀ ਹੈ। ਦੱਸ ਦੇਈਏ ਕਿ ਦੁਨੀਆ ਦੇ ਕਈ ਦੇਸ਼ਾਂ ਦੇ ਹਸਪਤਾਲਾਂ ਵਿੱਚ ਕਲੀਨਿਕਲ ਟ੍ਰਾਇਲ ਦੌਰਾਨ ਇਹ ਖੁਲਾਸਾ ਹੋਇਆ ਕਿ ਰੇਮਡੇਸਵੀਰ ਕੋਰੋਨਾ ਦੇ ਲੱਛਣਾਂ ਦੀ ਮਿਆਦ ਨੂੰ 15 ਦਿਨਾਂ ਤੋਂ ਘਟਾ ਕੇ 11 ਦਿਨ ਕਰ ਸਕਦਾ ਹੈ। ਇਸ ਕਾਰਨ ਰੇਮਡੇਸੀਵਿਰ ਦੀ ਮੰਗ ਵੱਧ ਗਈ ਹੈ। ਹਾਲਾਂਕਿ, ਮਾਹਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਇਹ ਪ੍ਰਭਾਵਸ਼ਾਲੀ ਇਲਾਜ਼ ਨਹੀਂ ਹੈ। ਪਰ ਕਿਸੇ ਵੀ ਦਵਾਈ ਦੀ ਅਣਹੋਂਦ ਵਿੱਚ ਡਾਕਟਰ ਇਹ ਦਵਾਈ ਭਾਰਤ ਵਿੱਚ ਕੋਰੋਨਾ ਦੇ ਮਰੀਜ਼ਾਂ ਲਈ ਲਿਖ ਰਹੇ ਹਨ। ਇਸ ਕਾਰਨ ਦਿੱਲੀ ਅਤੇ ਭਾਰਤ ਦੇ ਹੋਰ ਸ਼ਹਿਰਾਂ ਵਿੱਚ ਇਸਦੀ ਮੰਗ ਵਧੀ ਹੈ।
ਜ਼ਿਕਰਯੋਗ ਹੈ ਕਿ ਅਮਰੀਕਾ ਸਥਿਤ ਗਿਲਿਅਡ ਸਾਇੰਸਜ਼ ਨੇ ਮੂਲ ਰੂਪ ਨਾਲ ਈਬੋਲਾ ਦੇ ਇਲਾਜ ਲਈ ਰੇਮਡੇਸੀਵਿਰ ਨੂੰ ਬਣਾਇਆ ਸੀ। ਹੁਣ ਇਸ ਨੇ ਭਾਰਤ ਦੀ ਸਿਪਲਾ, ਜੁਬਿਲੈਂਟ ਲਾਈਫ, ਹਿਟੇਰੋ ਡਰੱਗਜ਼ ਅਤੇ ਮਾਈਲੋਨ ਨੂੰ ਭਾਰਤ ਵਿੱਚ ਇਹ ਦਵਾਈ ਤਿਆਰ ਕਰਨ ਦੀ ਆਗਿਆ ਦੇ ਦਿੱਤੀ ਹੈ।
ਦੱਸ ਦੇਈਏ ਕਿ ਫਾਰਮਾ ਕੰਪਨੀ Zydus Cadila ਨੇ ਮਨੁੱਖਾਂ ‘ਤੇ ਆਪਣੀ ਸੰਭਾਵਿਤ ਕੋਵਿਡ -19 ਵੈਕਸੀਨ ZyCoV-D ਦਾ ਟ੍ਰਾਇਲ ਸ਼ੁਰੂ ਕਰ ਦਿੱਤਾ ਹੈ। ਕੰਪਨੀ ਨੇ ਇੱਕ ਰੈਗੂਲੇਟਰੀ ਜਾਣਕਾਰੀ ਵਿੱਚ ਦੱਸਿਆ ਕਿ ਪਹਿਲੇ ਪੜਾਅ ਵਿੱਚ ਇਹ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ 1000 ਲੋਕਾਂ ਨੂੰ ਭਰਤੀ ਕਰੇਗੀ। ਕੰਪਨੀ ਨੇ ਕਿਹਾ ਕਿ ZyCoV-D ਦਾ ਅਨੁਕੂਲ ਪੜਾਅ I / II ਮਨੁੱਖੀ ਕਲੀਨਿਕਲ ਟ੍ਰਾਇਲ ਪਹਿਲੀ ਮਨੁੱਖੀ ਖੁਰਾਕ ਨਾਲ ਸ਼ੁਰੂ ਹੋ ਚੁੱਕਿਆ ਹੈ। ਇਸ ਬਹੁ-ਕੇਂਦ੍ਰਿਤ ਅਧਿਐਨ ਵਿੱਚ ਵੈਕਸੀਨ ਦੀ ਸੁਰੱਖਿਆ, ਸਹਿਣਸ਼ੀਲਤਾ ਅਤੇ ਇਮਿਊਨੋਜੇਨਿਸਿਟੀ ਦਾ ਮੁਲਾਂਕਣ ਕੀਤਾ ਜਾਵੇਗਾ।