SAD workers besiege : ਸੂਬੇ ‘ਚ ਜ਼ਹਿਰੀਲੀ ਸ਼ਰਾਬ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵਲੋਂ ਵੱਖ-ਵੱਖ ਥਾਵਾਂ ‘ਤੇ ਧਰਨੇ ਤੇ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ। ਅੱਜ ਖੇਮਕਰਨ ਵਿਖੇ ਅਕਾਲੀ ਵਰਕਰਾਂ ਵਲੋਂ ਕਾਂਗਰਸੀ ਵਿਧਾਇਕ ਸੁਖਪਾਲ ਭੁੱਲਰ ਦੀ ਰਿਹਾਇਸ਼ ਦਾ ਘੇਰਾਓ ਕੀਤਾ ਗਿਆ। ਇਨ੍ਹਾਂ ਧਰਨਿਆਂ ਵਿਚ ਅਕਾਲੀ ਦਲ ਵਲੋਂ ਕਾਂਗਰਸ ਸਰਕਾਰ ਤੋਂ ਇਹੀ ਮੰਗ ਕੀਤੀ ਜਾ ਰਹੀ ਹੈ ਕਿ ਲੋਕਾਂ ਨੂੰ ਇਨਸਾਫ ਦਿੱਤਾ ਜਾਵੇ ਅਤੇ ਜ਼ਹਿਰੀਲੀ ਸ਼ਰਾਬ ਮਾਮਲੇ ਵਿਚ ਸ਼ਾਮਲ ਲੋਕਾਂ ਨੂੰ ਸਖਤ ਸਜ਼ਾ ਦਿੱਤੀ ਜਾਵੇ। ਇਸ ਮੌਕੇ ਉਨ੍ਹਾਂ ਨੇ ਸੁਖਪਾਲ ਭੁੱਲਰ ਤੇ SSP ਧਰੁਵ ਦਹੀਆ ਦਾ ਪੁਤਲਾ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ।
ਪਿਛਲੇ ਕਾਫੀ ਲੰਬੇ ਸਮੇਂ ਤੋਂ MLA ਸੁਖਪਾਲ ਭੁੱਲਰ ਦੇ ਪਿੰਡ ਮਹਿਮੂਦਪੁਰਾ ਵਿਖੇ ਨਾਜਾਇਜ਼ ਸ਼ਰਾਬ ਦਾ ਵਪਾਰ ਚੱਲ ਰਿਹਾ ਸੀ ਤੇ ਇਥੇ ਕਾਫੀ ਵੱਡੀ ਗਿਣਤੀ ਵਿਚ ਨਕਲੀ ਸ਼ਰਾਬ ਬਣਾਈ ਜਾ ਰਹੀ ਸੀ। ਇਸ ਬਾਰੇ ਪੁਲਿਸ ਅਧਿਕਾਰੀਆਂ ਨੂੰ ਵੀ ਕਾਫੀ ਵਾਰੀ ਸੂਚਿਤ ਕੀਤਾ ਗਿਆ ਪਰ ਉਨ੍ਹਾਂ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਕਿਉਂਕਿ ਇਸ ਪਿੱਛੇ ਵੱਡੇ ਸਿਆਸੀ ਬੰਦਿਆਂ ਦਾ ਹੱਥ ਸੀ। ਉਨ੍ਹਾਂ ਦੱਸਿਆ ਕਿ ਖੇਮਕਰਨ ਵਿਖੇ ਮਿੰਨੀ ਡਿਸਟਲਰੀ ਬਾਰੇ ਧਰੁਵ ਦਹੀਆ ਨੂੰ ਵੀ ਕਈ ਵਾਰ ਸੂਚਿਤ ਕੀਤਾ ਗਿਆ ਪਰ ਫਿਰ ਵੀ ਇਸ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ‘ਤੇ ਨੱਥ ਨਹੀਂ ਪਾ ਗਈ ਤੇ ਮਿੰਨੀ ਡਿਸਟਲਰੀ ਦਾ ਕਾਰੋਬਾਰ ਕਾਫੀ ਵਧਦਾ ਗਿਆ ਤੇ ਅੱਜ ਇਸ ਦਾ ਨਤੀਜਾ ਲੋਕਾਂ ਦੇ ਸਾਹਮਣੇ ਹੈ।
ਅਕਾਲੀ ਵਰਕਰਾਂ ਨੇ ਦੱਸਿਆ ਕਿ ਇੰਝ ਲੱਗਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਇਨ੍ਹਾਂ ਕਾਂਗਰਸੀ ਆਗੂਆਂ ਨੂੰ ਪੂਰੀ ਹਮਾਇਤ ਮਿਲ ਰਹੀ ਹੈ ਤਾਂ ਹੀ ਉਨ੍ਹਾਂ ਵਲੋਂ ਨਾਜਾਇਜ਼ ਸ਼ਰਾਬ ਦੇ ਕਾਲੇ ਧੰਦੇ ਨੂੰ ਧੜੱਲੇ ਨਾਲ ਚਲਾਇਆ ਜਾ ਰਿਹਾ ਤੇ ਇੰਝ ਲੱਗਦਾ ਹੈ ਕਿ ਉਨ੍ਹਾਂ ਨੂੰ ਭੋਰਾ ਵੀ ਕਿਸੇ ਦਾ ਡਰ ਨਹੀਂ ਹੈ। ਮਿੰਨੀ ਡਿਸਟਰਲਰੀ ‘ਤੇ ਪੁਲਿਸ ਵਲੋਂ ਉਸ ਸਮੇਂ ਛਾਪਾ ਮਾਰਿਆ ਗਿਆ ਜਦੋਂ ਪੰਜਾਬ ਵਿਚ ਜ਼ਹਿਰੀਲੀ ਸ਼ਰਾਬ ਕਾਰਨ ਸਵਾ ਸੌ ਤੋਂ ਵਧ ਲੋਕਾਂ ਦੀ ਮੌਤ ਹੋ ਗਈ। ਸ਼੍ਰੋਮਣੀ ਅਕਾਲੀ ਦਲ ਵਲੋਂ ਵਾਰ-ਵਾਰ ਇਸ ਮਾਮਲੇ ਦੀ ਸੀ. ਬੀ. ਆਈ. ਤੋਂ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ। ਇਸੇ ਮਕਸਦ ਨਾਲ ਅੱਜ ਖੇਮਕਰਨ ਵਿਖੇ ਅਕਾਲੀ ਵਰਕਰਾਂ ਵਲੋਂ ਸੁਖਪਾਲ ਭੁੱਲਰ ਦੀ ਰਿਹਾਇਸ਼ ਦਾ ਘੇਰਾਓ ਕੀਤਾ ਗਿਆ।