Harassment of Amritdhari : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਿਊਜ਼ੀਲੈਂਡ ਦੀ ਇਕ ਟਰਾਂਸਪੋਰਟ ਕੰਪਨੀ ਵਲੋਂ ਇਕ ਸਿੱਖ ਡਰਾਈਵਰ ਨੂੰ ਸ੍ਰੀ ਸਾਹਿਬ ਪਹਿਨ ਕੇ ਕੰਮ ਵਾਲੀ ਥਾਂ ‘ਤੇ ਆਉਣ ਤੋਂ ਰੋਕਣ ਦਾ ਗੰਭੀਰ ਨੋਟਿਸ ਲਿਆ ਹੈ। SGPC ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਨਿਊਜ਼ੀਲੈਂਡ ਦੀ ਟਰਾਂਸਪੋਰਟ ਕੰਪਨੀ ਦੀ ਇਸ ਬਦਕਿਸਮਤੀ ਵਾਲੀ ਕਾਰਵਾਈ ਨੂੰ ਸਿੱਖਾਂ ਦੀ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਦੱਸਿਆ।
ਲੌਂਗੋਵਾਲ ਨੇ ਕਿਹਾ ਕਿ ਅੰਮ੍ਰਿਤਧਾਰੀ ਸਿੱਖਾਂ ਲਈ ਕ੍ਰਿਪਾਨ ਬਹੁਤ ਮਹੱਤਵਪੂਰਨ ਹੈ। ਜੋ ਸਿੱਖੀ ਜੀਵਨ ਲਈ ਬਹੁਤ ਜ਼ਰੂਰੀ ਹੈ। ਨਿਊਜ਼ੀਲੈਂਡ ਦੇ ਇਕ ਸ਼ਹਿਰ ਉਤਾਹੁਹੁ ਦੀ ਟਰਾਂਸਪੋਰਟ ਕੰਪਨੀ ਨੇ ਅਮਨਦੀਪ ਸਿੰਘ ਨਾਂ ਦੇ ਇਕ ਗੁਰਸਿੱਖ ਨੂੰ ਜਾਣਬੁਝ ਕੇ ਪ੍ਰੇਸ਼ਾਨ ਕੀਤਾ। ਨਿਊਜ਼ੀਲੈਂਡ ‘ਚ ਕ੍ਰਿਪਾਨ ਪਹਿਨਣ ਵਾਲੇ ਸਿੱਖਾਂ ਨੂੰ ਪ੍ਰੇਸ਼ਾਨ ਕਰਨਾ ਗਲਤ ਹੈ। ਕੇਂਦਰ ਸਰਕਾਰ ਨੂੰ ਇਸ ਘਟਨਾ ਦਾ ਗੰਭੀਰ ਨੋਟਿਸ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ ਮੰਤਰਾਲੇ ਨਿਊਜ਼ੀਲੈਂਡ ਸਰਕਾਰ ਨਾਲ ਸੰਪਰਕ ਕਰਕੇ ਸਿੱਖਾਂ ਦੇ ਧਾਰਮਿਕ ਸਨਮਾਨ ਲਈ ਜ਼ਰੂਰੀ ਕਦਮ ਚੁੱਕੇ। ਲੌਂਗੋਵਾਲ ਨੇ ਨਿਊਜ਼ੀਲੈਂਡ ਦੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਦੀ ਪ੍ਰਬੰਧਕ ਕਮੇਟੀਆਂ ਤੇ ਮਾਣਯੋਗ ਸਿੱਖਾਂ ਨੂੰ ਇਹ ਮਾਮਲਾ ਇਥੋਂ ਦੀ ਸਰਕਾਰ ਸਾਹਮਣੇ ਚੁੱਕਣ ਦੀ ਅਪੀਲ ਵੀ ਕੀਤੀ ਤਾਂ ਕਿ ਅੱਗੇ ਤੋਂ ਇਸ ਤਰ੍ਹਾਂ ਦੀ ਕੋਈ ਵੀ ਪ੍ਰੇਸ਼ਾਨੀ ਕਿਸੇ ਅੰਮ੍ਰਿਤਧਾਰੀ ਸਿੱਖ ਨੂੰ ਨਾ ਚੁੱਕਣੀ ਪਵੇ।
ਉਨ੍ਹਾਂ ਕਿਹਾ ਕਿ ਨਿਊਜ਼ੀਲੈਂਡ ਸਰਕਾਰ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਕ੍ਰਿਪਾਨ ਖਾਲਸਾਈ ਜੀਵਨ ਦਾ ਮਹੱਤਵਪੂਰਨ ਅੰਗ ਹੈ। ਦੇਸ਼-ਦੁਨੀਆ ਵਿਚ ਅੰਮ੍ਰਿਤਧਾਰ ਸਿੱਖ ਕ੍ਰਿਪਾਨ ਪਹਿਨ ਕੇ ਹੀ ਰਹਿੰਦੇ ਹਨ। ਵਿਦੇਸ਼ਾਂ ‘ਚ ਰਹਿਣ ਵਾਲੇ ਸਿੱਖਾਂ ਵਿਚ ਬਹੁਤ ਸਾਰੇ ਅੰਮ੍ਰਿਤਧਾਰੀ ਸਿੱਖ ਹਨ।