Captain challenges Gurpatwant : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੁਰਪਤਵੰਤ ਸਿੰਘ ਪੰਨੂੰ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ‘ਤੂੰ ਪੰਜਾਬ ਤਾਂ ਆ ਕੇ ਦੇਖ ਮੈਂ ਤੈਨੂੰ ਸਬਕ ਸਿਖਾਵਾਂਗਾ।’ ਉਨ੍ਹਾਂ ਕਿਹਾ ਕਿ ਸੂਬੇ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਦੀ ਕਿਸੇ ਵੀ ਕੋਸ਼ਿਸ਼ ਨਾਲ ਸਖਤੀ ਨਾਲ ਨਿਪਟਿਆ ਜਾਵੇਗਾ। ਕੈਪਟਨ ਨੇ DGP ਦਿਨਕਰ ਗੁਪਤਾ ਨੂੰ ਹੁਕਮ ਦਿੱਤੇ ਕਿ ਮੋਗਾ ਘਟਨਾ ‘ਚ ਪਛਾਣੇ ਗਏ ਦੋ ਸ਼ਰਾਰਤੀ ਤੱਤਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ। ਪੁਲਿਸ ਨੇ ਦੋਵਾਂ ਲਈ 50,000 ਰੁਪਏ ਦਾ ਇਨਾਮ ਵੀ ਐਲਾਨਿਆ ਹੈ ਜਿਨ੍ਹਾਂ ਦੀ ਸੀ. ਸੀ. ਟੀ. ਵੀ. ਫੁਟੇਜ ਵੀ ਜਾਰੀ ਕੀਤੀ ਗਈ ਹੈ।
ਮੁੱਖ ਮੰਤਰੀ ਨੇ ਪੁਲਿਸ ਨੂੰ ਮੋਗਾ ਦੇ ਜਿਲ੍ਹਾ ਪ੍ਰਸ਼ਾਸਨਿਕ ਕੰਪਲੈਕਸ ‘ਚ ਖਾਲਿਸਤਾਨੀ ਝੰਡਾ ਲਹਿਰਾਉਣ ਦੇ ਜ਼ਿੰਮੇਵਾਰ ਲੋਕਾਂ ਵਿਰੁੱਧ ਸਖਤ ਕਾਰਵਾਈ ਦੇ ਹੁਕਮ ਦਿਤੇ ਹਨ ਤੇ ਨਾਲ ਹੀ ਨੌਜਵਾਨਾਂ ਨੂੰ ਵੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਅਤੇ ਉਸ ਦੀ ਸਿੱਖ ਫਾਰ ਜਸਟਿਸ (SFJ) ਵਰਗੇ ਭਾਰਤ ਵਿਰੋਧੀ ਤੱਤਾਂ ਦੇ ਝੂਠੇ ਪ੍ਰਚਾਰ ਦੇ ਬਹਿਕਾਵੇ ਵਿਚ ਨਾ ਆਉਣ ਦੀ ਅਪੀਲ ਕੀਤੀ ਹੈ। ਪੰਨੂੰ ਨੂੰ ਚੁਣੌਤੀ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ, ”ਪੰਜਾਬ ਦੇ ਲੋਕ ਇਹ ਕਿਉਂ ਕਰਨ। ਜੇਕਰ ਤੁਹਾਡੇ ‘ਚ ਹਿੰਮਤ ਹੈ ਤਾਂ ਇਥੇ ਆ ਕੇ ਦਿਖਾਓ।” ਜੇਕਰ ਐੱਸ. ਐੱਫ. ਜੇ. ਦਾ ਨੇਤਾ ਚਾਹੁੰਦਾ ਹੈ ਤਾਂ ਉਹ ਉਸ ਥਾਂ ‘ਤੇ ਖਾਲਿਸਤਾਨ ਬਣਾ ਸਕਦਾ ਹੈ, ਜਿਥੇ ਉਹ ਲੁਕਿਆ ਹੋਇਆ ਹੈ।
ਆਜ਼ਾਦੀ ਦਿਵਸ ਦੀ ਪਹਿਲੀ ਸ਼ਾਮ ‘ਤੇ ਪੰਜਾਬ ਦੇ ਲੋਕਾਂ ਨੂੰ ਵਧਾਈ ਦਿੰਦੇ ਹੋਏ ਕੈਪਟਨ ਨੇ ਕਿਹਾ ਕਿ ਪੰਜਾਬ ਤੇ ਸਿੱਖਾਂ ਦੇ ਬੇਮਿਸਾਲ ਬਲਿਦਾਨ ਤੇ ਬਹਾਦੁਰੀ ਨੂੰ ਸਾਰਾ ਵਿਸ਼ਵ ਮੰਨਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀਆਂ ਦੀ ਬਹਾਦੁਰੀ ਦੇ ਕਿੱਸੇ ਹਰ ਜਗ੍ਹਾ ਪਾਏ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਅੰਡੇਮਾਨ ਦੇ ਟਾਪੂ ਦਾ ‘ਕਾਲਾ ਪਾਣੀ’ ਦੀਆਂ ਮਿਸਾਲਾਂ ਦੀ ਗਵਾਈ ਭਰਦਾ ਹੈ ਤੇ ਜਲ੍ਹਿਆਂਵਾਲਾ ਬਾਗ ਦਾ ਹੱਤਿਆਕਾਂਡ ਵੀ ਪੰਜਾਬੀਆਂ ਦੇ ਬਲਿਦਾਨਾਂ ਦੀ ਜਿਊਂਦੀ ਜਾਗਦੀ ਮਿਸਾਲ ਹੈ।