Good start of : ਅੱਜ ਆਜ਼ਾਦੀ ਦਿਹਾੜੇ ਮੌਕੇ ਪੰਜਾਬ ਸਰਕਾਰ ਵਲੋਂ ਕਪੂਰਥਲਾ ਵਿਖੇ ‘ਸਖੀ ਵਨ ਸਟਾਪ ਸੈਂਟਰ’ ਦਾ ਸ਼ਾਨਦਾਰ ਤੋਹਫਾ ਦਿੱਤਾ ਗਿਆ। ਸੈਂਟਰ ਦਾ ਉਦਘਾਟਨ ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਵਲੋਂ ਕੀਤਾ ਗਿਆ। ਸਿਵਲ ਹਸਪਤਾਲ ਵਿਖੇ ਉਸਾਰੇ ਗਏ ਇਸ ਨਵੇਂ ਸੈਂਟਰ ਰਾਹੀਂ ਹਿੰਸਾ ਤੋਂ ਪੀੜ੍ਹਤ ਮਹਿਲਾਵਾਂ ਨੂੰ ਨਿਆਂ ਦੇਣ ਲਈ ਵਨ ਸਟਾਪ ਸੈਂਟਰ ਦੀ ਸ਼ੁਰੂਆਤ ਕੀਤੀ ਗਈ ਹੈ।
ਸ਼੍ਰੀਮਤੀ ਉੱਪਲ ਨੇ ਦੱਸਿਆ ਕਿ ਇਸ ਸੈਂਟਰ ਵਲੋਂ ਹਿੰਸਾ ਪੀੜਤ ਔਰਤਾਂ ਦਾ ਬਚਾਅ ਕਰਕੇ ਉਨ੍ਹਾਂ ਨੂੰ ਲੋੜੀਂਦੀ ਸਹਾਇਤਾ ਦਿੱਤੀ ਜਾਂਦੀ ਹੈ । ਪੀੜਤ ਮਹਿਲਾ ਨੂੰ ਨੈਸ਼ਨਲ ਹੈਲਥ ਮਿਸ਼ਨ 108 ਤਹਿਤ ਐਮਰਜੈਂਸੀ ਸੇਵਾਵਾਂ, ਪੁਲਿਸ,ਪੀ.ਸੀ.ਆਰ ਸਹਾਇਤਾ ਦਿੱਤੀ ਜਾਵੇਗੀ। ਸੈਂਟਰ ਦਾ ਉਦਘਾਟਨ ਕਰਨ ਮੌਕੇ ਡਿਪਟੀ ਕਮਿਸ਼ਨਰ ਨਾਲ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀ ਰਾਹੁਲ ਚਾਬਾ ਤੇ ਐਸ.ਡੀ.ਐਮ. ਸ੍ਰੀ ਵਰਿੰਦਰਪਾਲ ਸਿੰਘ ਬਾਜਵਾ ਵੀ ਹਾਜ਼ਰ ਸਨ।
ਇਸ ਤੋਂ ਇਲਾਵਾ ਸੈਂਟਰ ਵਿਚ ਔਰਤਾਂ ਦੀ ਕੌਂਸਲਿੰਗ ਵੀ ਕੀਤੀ ਜਾਵੇਗੀ ਤੇ ਉਨ੍ਹਾਂ ਨੂੰ ਮੁਫਤ ਕਾਨੂੰਨੀ ਸੇਵਾਵਾਂ ਵੀ ਦਿੱਤੀਆਂ ਜਾਣਗੀਆਂ। ਇਸ ਦੇ ਨਾਲ ਹੀ ਵਨ ਸਟੌਪ ਸੈਂਟਰ ਵਿਚ ਪੀੜਤ ਔਰਤਾਂ ਨੂੰ ਸ਼ਰਨ ਵੀ ਦਿੱਤੀ ਜਾਵੇਗੀ। ਜਿਲ੍ਹਾ ਪ੍ਰੋਗਰਾਮ ਅਫਸਰ ਸ਼੍ਰੀਮਤੀ ਸਨੇਹ ਲਤਾ ਨੇ ਦੱਸਿਆ ਕਿ ਜੇਕਰ ਕਿਸੇ ਔਰਤ ਨੂੰ ਕੋਈ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਉਹ ਇਲਾਕੇ ਦੇ ਬਾਲ ਵਿਕਾਸ ਪ੍ਰਾਜੈਕਟ ਨਾਲ ਰਾਬਤਾ ਕਾਇਮ ਕਰਕੇ ਸਖੀ ਵਨ ਸਟਾਪ ਸੈਂਟਰ ਵਿਚ ਜਾ ਕੇ ਉਥੇ ਮਿਲਣ ਵਾਲੀਆਂ ਸਹੂਲਤਾਂ ਦਾ ਫਾਇਦਾ ਚੁੱਕ ਸਕਦੀ ਹੈ।