Terrible fire at : ਦੋਰਾਹਾ ਵਿਖੇ ਸਬਜ਼ੀ ਤੇ ਫਰੂਟ ਦੀਆਂ ਦੁਕਾਨਾਂ ਭਿਆਨਕ ਅੱਗ ਦੀ ਲਪੇਟ ਵਿਚ ਆ ਗਈਆਂ, ਜਿਸ ਨਾਲ ਕਾਫੀ ਨੁਕਸਾਨ ਹੋ ਗਿਆ। ਇਸ ਤੋਂ ਪਹਿਲਾਂ ਵੀ ਇਸੇ ਮਾਰਕੀਟ ਅਮੋਨੀਆ ਗੈਸ ਹਾਦਸੇ ਤੇ ਅੱਗ ਲੱਗਣ ਨਾਲ ਕਾਫੀ ਨੁਕਸਾਨ ਹੋਇਆ ਸੀ। ਅੱਗ ਲੱਗਣ ਨਾਲ ਫਰੂਟ ਦੀਆਂ 9 ਦੁਕਾਨਾਂ ਸੜ ਕੇ ਸੁਆਹ ਹੋ ਗਈਆਂ। ਅੱਗ ਦੀ ਸੂਚਨਾ ਗੱਡੀ ‘ਚ ਫਰੂਟ ਲੈ ਕੇ ਆਉਣ ਵਾਲੇ ਰਾਜੇਸ਼ ਕੁਮਾਰ ਨੇ ਦਿੱਤੀ ਉਨ੍ਹਾਂ ਦੱਸਿਆ ਕਿ 14 ਅਗਸਤ ਨੂੰ ਲਗਭਗ 11 ਵਜੇ ਮਾਰਕੀਟ ਵਿਚ ਅੱਗ ਲੱਗ ਗਈ। ਕੋਰੋਨਾ ਮਹਾਮਾਰੀ ਕਾਰਨ ਪਹਿਲਾਂ ਹੀ ਲੋਕਾਂ ਦਾ ਕਾਰੋਬਾਰ ਬਿਲਕੁਲ ਠੱਪ ਸੀ ਤੇ ਹੁਣ ਅੱਗ ਲੱਗਣ ਕਾਰਨ ਦੁਕਾਨਦਾਰਾਂ ਨੂੰ ਕਾਫੀ ਧੱਕਾ ਲੱਗਾ ਹੈ।
ਅੱਗ ਦੀ ਸੂਚਨਾ ਮਿਲਣ ਤੋਂ ਬਾਅਦ ਜਦੋਂ ਦੁਕਾਨਦਾਰ ਉਥੇ ਪੁੱਜੇ ਤਾਂ ਉਨ੍ਹਾਂ ਨੇ ਦੇਖਿਆ ਕਿ ਅੱਗ ਬਹੁਤ ਭਿਆਨਕ ਸੀ ਤੇ ਤੇਜ਼ ਲਪਟਾਂ ਨਿਕਲ ਰਹੀਆਂ ਸਨ। ਤੁਰੰਤ ਹੀ ਉਨ੍ਹਾਂ ਨੇ ਅੱਗ ਦੀ ਸੂਚਨਾ ਫਾਇਰ ਬ੍ਰਿਗੇਡ ਅਧਿਕਾਰੀਆਂ ਨੂੰ ਦਿੱਤੀ। ਅੱਗ ਭਿਆਨਕ ਹੋਣ ਕਾਰਨ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੂੰ ਅੱਗ ਬੁਝਾਉਣ ਵਿਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਰ ਜਦੋਂ ਤਕ ਅੱਗ ‘ਤੇ ਕਾਬੂ ਪਾਇਆ ਗਿਆ ਉਦੋਂ ਤਕ ਰੇਹੜੀਆਂ ‘ਤੇ ਪਿਆ ਫਲ ਫਰੂਟ, ਰੇਹੜੀਆਂਦੇ ਟਾਇਰ, ਰੇਹੜੀਆਂ ਦੀ ਲੱਕੜ ਬਿਲਕੁਲ ਨਸ਼ਟ ਹੋ ਚੁੱਕੇ ਸਨ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤਕ ਪਤਾ ਨਹੀਂ ਲੱਗ ਸਕਿਆ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਹ ਕਿਸੇ ਸ਼ਰਾਰਤੀ ਅਨਸਰ ਦਾ ਕੰਮ ਹੋ ਸਕਦਾ ਹੈ ਕਿਉਂਕਿ ਕਲ ਰਾਤ ਜਦੋਂ ਉਹ ਘਰ ਗਏ ਸਨ ਤਾਂ ਸਭ ਕੁਝ ਠੀਕ ਸੀ।
ਪੀੜਤ ਦੁਕਾਨਦਾਰਾਂ ਨੇ ਸਰਕਾਰ ਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਨੂੰ ਮਦਦ ਮੁਹੱਈਆ ਕਰਵਾਈ ਜਾਵੇ ਤਾਂ ਜੋ ਉਹ ਆਰਥਿਕ ਸੰਕਟ ਤੋਂ ਨਿਕਲ ਸਕਣ ਕਿਉਂਕਿ ਅੱਗ ਲੱਗਣ ਕਾਰਨ ਉਨ੍ਹਾਂ ਦਾ ਲੱਖਾਂ ਦਾ ਨੁਕਸਾਨ ਹੋ ਗਿਆ ਹੈ। ਦੁਕਾਦਾਰਾਂ ਦਾ ਕਹਿਣਾ ਹੈ ਕਿ ਉਹ ਪਹਿਲਾਂ ਹੀ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਲ ਨਾਲ ਕਰ ਰਹੇ ਸਨ ਤੇ ਹੁਣ ਅੱਗ ਲੱਗਣ ਨਾਲ ਉਹ ਕਿਸ ਤਰ੍ਹਾਂ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਨਗੇ। ਇਸ ਬਾਰੇ ਸਰਕਾਰ ਤੇ ਪ੍ਰਸ਼ਾਸਨ ਨੂੰ ਸੋਚਣਾ ਚਾਹੀਦਾ ਹੈ ਤੇ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ।