Punjab University seeks : ਲੌਕਡਾਊਨ ਤੋਂ ਬਾਅਦ ਆਰਥਿਕ ਤੰਗੀ ਦਾ ਸਾਹਮਣਾ ਕਰਨ ਵਾਲਿਆਂ ‘ਚ ਹੁਣ ਪੰਜਾਬ ਯੂਨੀਵਰਿਸਟੀ ਦਾ ਨਾਂ ਵੀ ਸ਼ਾਮਲ ਹੋ ਗਿਆ ਹੈ। ਪੀ. ਯੂ. ‘ਚ ਅਜਿਹੀ ਸਥਿਤੀ ਬਣੀ ਹੋਈ ਹੈ ਕਿ ਵਿਦਿਆਰਥੀ ਫੀਸਾਂ ਮੰਗਣ ‘ਤੇ ਹੰਗਾਮਾ ਕਰ ਰਹੇ ਹਨ ਤੇ ਦੂਜੇ ਪਾਸੇ ਸਟਾਫ ਤੇ ਮੁਲਾਜ਼ਮਾਂ ਦੀ ਸੈਲਰੀ ‘ਚ ਕਟੌਤੀ ਕਾਰਨ ਵਿਰੋਧ ਹੋ ਰਿਹਾ ਹੈ। ਅਜਿਹੀ ਹਾਲਤ ‘ਚ ਪੀ. ਯੂ. ਅਧਿਕਾਰੀਆਂ ਸਾਹਮਣੇ ਫੰਡਾਂ ਨੂੰ ਲੈ ਕੇ ਮੁਸੀਬਤ ਖੜ੍ਹੀ ਹੋ ਗਈ ਹੈ। ਇਸ ਸਮੱਸਿਆ ਨਾਲ ਨਜਿੱਠਣ ਲਈ ਪੀ. ਯੂ. ਪ੍ਰਸ਼ਾਸਨ ਹੁਣ ਯੂਨੀਵਰਿਸਟੀ ਗ੍ਰਾਂਟ ਕਮਿਸ਼ਨ (ਯੂ. ਜੀ. ਸੀ.) ਤੋਂ ਮਦਦ ਦੀ ਗੁਹਾਰ ਲਗਾਉਣ ਦੀ ਤਿਆਰੀ ‘ਚ ਹੈ। ਸੋਮਵਾਰ ਨੂੰ ਪੀ. ਯੂ. ਅਧਿਕਾਰੀਆਂ ਦੀ ਇਕ ਬੈਠਕ ਹੋਵੇਗੀ ਜਿਸ ਤੋਂ ਬਾਅਦ ਯੂ. ਜੀ. ਸੀ. ਨੂੰ ਪੱਤਰ ਲਿਖਿਆ ਜਾ ਸਕਦਾ ਹੈ।
ਆਰਥਿਕ ਸੰਕਟ ਨਾਲ ਜੂਝ ਰਹੀ ਪੀ. ਯੂ. ‘ਚ ਕੰਮ ਕਰ ਰਹੇ ਮੁਲਾਜ਼ਮਾਂ ਤੇ ਸਟਾਫ ਦੀ ਸੈਲਰੀ ਕੱਟਣ ਦਾ ਫੈਸਲਾ ਲਿਆ ਗਿਆ ਸੀ। ਇਸ ਫੈਸਲੇ ਤੋਂ ਬਾਅਦ ਪੀ. ਯੂ. ਸਟਾਫ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਸੀ ਜਿਸ ਤੋਂ ਬਾਅਦ ਲੋਨ ਲੈਣਾ ਤੇ ਯੂ. ਜੀ. ਸੀ. ਤੋਂ ਫੰਡ ਮੰਗਣ ਦਾ ਬਦਲ ਦੱਸਿਆ ਗਿਆ। ਪੀ. ਯੂ. ਨੂੰ ਕੋਜ ਲਈ ਯੂ. ਜੀ. ਸੀ. ਤੋਂ 5 ਕਰੋੜ ਰੁਪਏ ਦੀ ਗ੍ਰਾਂਟ ਮਿਲੀ ਸੀ। ਇਹ ਗ੍ਰਾਂਟ ਲੌਕਡਾਊਨ ਲੱਗਣ ਤੋਂ ਪਹਿਲਾਂ ਆਈ ਸੀ। ਉਸ ਤੋਂ ਬਾਅਦ ਪੀ. ਯੂ. ਨੂੰ ਕੋਈ ਵੀ ਗ੍ਰਾਂਟ ਨਹੀਂ ਮਿਲੀ।
ਪੀ. ਯੂ. ਫੰਡ ਲਈ ਪੰਜਾਬ ਸਰਕਾਰ ਤੋਂ ਵੀ ਗੁਹਾਰ ਲਗਾ ਸਕਦੀ ਸੀ ਪਰ ਹੁਣ ਅਜਿਹਾ ਮੁਮਕਿਨ ਨਹੀਂ ਹੈ। ਪੰਜਾਬ ਸਰਕਾਰ ‘ਚ ਪਹਿਲਾਂ ਹੀ ਕਮੇਟੀ ਨੇ ਮੁਲਾਜ਼ਮਾਂ ਦੀ ਤਨਖਾਹ ਨਾ ਵਧਾਉਣ ਦੀ ਸਿਫਾਰਸ਼ ਨੂੰ ਰਾਜ ਸਰਕਾਰ ਤਕ ਭੇਜ ਦਿੱਤਾ ਹੈ। ਇਸ ਤੋਂ ਇਲਾਵਾ ਡੀ. ਏ. ਅਤੇ ਏਰੀਅਰ ਨਾ ਦੇਣ ਦੀ ਗੱਲ ਵੀ ਕਹੀ ਹੈ। ਪੀ. ਯੂ. ਦੇ ਇਕ ਅਧਿਕਾਰੀ ਨੇ ਦੱਸਿਆ ਕਿ ਲੋਨ ਲੈਣ ਦੀ ਜਲਦਬਾਜ਼ੀ ਠੀਕ ਨਹੀਂ ਹੋਵੇਗੀ। ਲੋਨ ਦੀਆਂ ਕਿਸ਼ਤਾਂ ਵੀ ਦੇਣੀਆਂ ਪੈਣਗੀਆਂ ਜਿਸ ਬਾਰੇ ਸੋਚਣ ਦੀ ਲੋੜ ਹੈ। ਯੂ. ਜੀ. ਸੀ. ਤੋਂ ਮਦਦ ਮੰਗਣਾ ਠੀਕ ਹੋਵੇਗਾ ਤੇ ਉਸ ਤੋਂ ਬਾਅਦ ਹੀ ਲੋਨ ‘ਤੇ ਫੈਸਲਾ ਲਿਆ ਜਾਵੇ।