Insulting the national : ਜਗਰਾਓਂ ਦੇ ਪਿੰਡ ਰੂਮੀ ਵਿਖੇ ਸ਼ਨੀਵਾਰ ਰਾਤ ਨੂੰ ਕੁਝ ਸ਼ਰਾਰਤੀ ਤੱਤਾਂ ਵਲੋਂ ਪਿੰਡ ਦੇ ਵੱਡੇ ਦਰਵਾਜ਼ੇ ‘ਤੇ ਲਹਿਰਾਏ ਗਏ ਤਿਰੰਗੇ ਝੰਡੇ ਨੂੰ ਉਤਾਰ ਕੇ ਹੇਠਾਂ ਸੁੱਟ ਦਿੱਤਾ ਅਤੇ ਪਾਈਪ ਆਪਣੇ ਨਾਲ ਲੈ ਗਏ। ਇਸ ਗੱਲ ਦਾ ਪਤਾ ਐਤਵਾਰ ਸਵੇਰੇ ਲੱਗਾ। ਲੋਕਾਂ ਨੇ ਪਿੰਡ ਦੇ ਸਰਪੰਚ ਨੂੰ ਇਸ ਬਾਰੇ ਦੱਸਿਆ। ਸਰਪੰਚ ਨੇ ਮੌਕੇ ‘ਤੇ ਪੁੱਜ ਕੇ ਤਿਰੰਗਾ ਝੰਡਾ ਸੰਭਾਲਿਆ। ਕੁਝ ਦਿਨ ਪਹਿਲਾਂ ਮੋਗਾ ਦੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਡੀ. ਸੀ. ਆਫਿਸ ਬਾਹਰੇ ਲੱਗੇ ਰਾਸ਼ਟਰੀ ਝੰਡੇ ਨੂੰ ਉਤਾਰ ਕੇ ਖਾਲਿਸਤਾਨ ਦਾ ਝੰਡਾ ਲਹਿਰਾਉਣ ਦੀ ਘਟਨਾ ਸਾਹਮਣੇ ਆਈ ਸੀ।
ਮਿਲੀ ਜਾਣਕਾਰੀ ਮੁਤਾਬਕ 26 ਜਨਵਰੀ ਨੂੰ ਤੇ 15 ਅਗਸਤ ਨੂੰ ਪਿੰਡ ਦੀ ਪੰਚਾਇਤ ਵਲੋਂ ਪਿੰਡ ਦੇ ਵੱਡੇ ਦਰਵਾਜ਼ੇ ‘ਤੇ ਤਿਰੰਗਾ ਲਹਿਰਾ ਕੇ ਉਸ ਨੂੰ ਸਲਾਮੀ ਦਿੱਤੀ ਜਾਂਦੀ ਹੈ। ਸ਼ਨੀਵਾਰ ਨੂੰ ਆਜ਼ਾਦੀ ਦਿਵਸ ਮੌਕੇ ਪਿੰਡ ਦੇ ਸਰਪੰਚ ਕੁਲਦੀਪ ਸਿੰਘ ਤੇ ਪੰਚਾਇਤ ਮੈਂਬਰਾਂ ਵਲੋਂ ਦਰਵਾਜ਼ੇ ‘ਤੇ ਝੰਡਾ ਲਹਿਰਾਇਆ ਗਿਆ ਸੀ ਜਿਸ ਨੂੰ ਰਾਤ ਸਮੇਂ ਕੁਝ ਸ਼ਰਾਰਤੀ ਤੱਤਾਂ ਵਲੋਂ ਉਤਾਰ ਕੇ ਹੇਠਾਂ ਸੁੱਟ ਦਿੱਤਾ ਗਿਆ। ਹੈਰਾਨੀ ਦੀ ਗੱਲ ਹੈ ਕਿ ਪਾਈਪ ਉਹ ਆਪਣੇ ਨਾਲ ਹੀ ਲੈ ਗਏ। ਇਸ ਦੀ ਸੂਚਨਾ ਪੰਚਾਇਤ ਵਲੋਂ ਪੁਲਿਸ ਚੌਕੀ ‘ਚ ਦਿੱਤੀ ਗਈ ਹੈ।
ਇਸ ਸਬੰਧ ‘ਚ ਪੁਲਿਸ ਚੌਕੀ ਦੇ ਇੰਚਾਰਜ ਜਾਨ ਮਸੀਹ ਨਾਲ ਗੱਲ ਕੀਤੀ ਗਈ ਉਨ੍ਹਾਂ ਕਿਹਾ ਕਿ ਘਟਨਾ ਸਬੰਧੀ ਉਨ੍ਹਾਂ ਨੂੰ ਸਰਪੰਚ ਕੁਲਦੀਪ ਸਿੰਘ ਵਲੋਂ ਸੂਚਿਤ ਕੀਤਾ ਗਿਆ ਸੀ ਜਿਸ ਤੋਂ ਬਾਅਦ ਉਹ ਮੌਕੇ ‘ਤੇ ਪੁੱਜੇ। ਉਨ੍ਹਾਂ ਨੇ ਸਰਪੰਚ ਕੋਲ ਤਿਰੰਗਾ ਝੰਡਾ ਹਾਸਲ ਕਰ ਲਿਆ ਹੈ। ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਜੋ ਵੀ ਦੋਸ਼ੀ ਹੋਵੇਗਾ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।