The final decision : ਪੰਜਾਬ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ ਹਰਿਆਣਾ ਦੀ ਤਰ੍ਹਾਂ ਹੀ ਦੋ ਦਿਨ ਦਾ ਹੋ ਸਕਦਾ ਹੈ। ਸੈਸ਼ਨ ਨੂੰ ਲੈ ਕੇ ਆਖਰੀ ਫੈਸਲਾ ਅੱਜ ਹੋਣ ਵਾਲੀ ਕੈਬਨਿਟ ਬੈਠਕ ‘ਚ ਲਿਆ ਜਾਵੇਗਾ। ਸੈਸ਼ਨ 24 ਤੇ 25 ਅਗਸਤ ਨੂੰ ਹੋਣ ਦੀ ਉਮੀਦ ਹੈ। ਹਾਲਾਂਕਿ ਸਰਕਾਰ ਕੋਲ 31 ਅਗਸਤ ਤੋਂ 1 ਸਤੰਬਰ ਤਕ ਦਾ ਵੀ ਬਦਲ ਹੈ। ਕੋਰੋਨਾ ਮਹਾਮਾਰੀ ਕਾਰਨ ਪੰਜਾਬ ਸਰਕਾਰ ਇਕੱਠੇ ਵਿਧਾਨ ਸਭਾ ਸੈਸ਼ਨ ਬੁਲਾਉਣ ਦੇ ਹੱਕ ਵਿਚ ਨਹੀਂ ਹੈ ਤਾਂ ਜੋ ਵਿਧਾਨ ਸਭਾ ਭਵਨ ਵਿਚ ਜ਼ਿਆਦਾ ਭੀੜ ਇਕੱਠੀ ਨਾ ਹੋਵੇ।
ਇਸ ਵਾਰ ਵਿਧਾਨ ਸਭਾ ਦੀ ਕਾਰਵਾਈ ਦੇਖਣ ਲਈ ਮਹਿਮਾਨਾਂ ਦੀ ਐਂਟਰੀ ‘ਤੇ ਰੋਕ ਲਗਾਈ ਜਾਵੇਗੀ। ਅਫਸਰਾਂ ਦੀ ਗਿਣਤੀ ਨੂੰ ਵੀ ਘੱਟ ਕਰਨ ‘ਤੇ ਵਿਚਾਰ ਕੀਤਾ ਜਾ ਰਿਹਾ ਹੈ। ਇਸ ਸਬੰਧ ‘ਚ ਸਪੀਕਰ ਰਾਣਾ ਕੇ. ਪੀ. ਸਿੰਘ ਨੇ ਪੰਜਾਬ ਦੀ ਮੁੱਖ ਸਕੱਤਰ ਵਿਨੀ ਮਹਾਜਨ ਨਾਲ ਵੀ ਗੱਲਬਾਤ ਕਰ ਸਕਦੇ ਹਨ ਤਾਂ ਜੋ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖਦੇ ਹੋਏ ਅਫਸਰ ਲੌਬੀ ‘ਚ ਅਫਸਰਾਂ ਦੀ ਗਿਣਤੀ ਨੂੰ ਵੀ ਘੱਟ ਕੀਤਾ ਜਾ ਸਕੇ।
ਪੰਜਾਬ ਦੇ ਸੰਸਦੀ ਕਾਰਜ ਮੰਤਰੀ ਬ੍ਰਹਮ ਮੋਹਿੰਦਰਾ ਦਾ ਕਹਿਣਾ ਹੈ ਕਿ 3 ਸਤੰਬਰ ਤੋਂ ਪਹਿਲਾਂ ਸਾਨੂੰ ਪੰਜਾਬ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ ਬੁਲਾਉਣਾ ਹੀ ਪਵੇਗਾ ਕਿਉਂਕਿ 6 ਮਹੀਨੇ ਦਾ ਸਮਾਂ 3 ਸਤੰਬਰ ਨੂੰ ਪੂਰਾ ਹੋ ਰਿਹਾ ਹੈ। ਦੂਜੇ ਪਾਸੇ ਸਰਕਾਰ ਇਹ ਵੀ ਵਿਚਾਰ ਕਰ ਰਹੀ ਹੈ ਕਿ ਸੈਸ਼ਨ ਨੂੰ 2 ਦਿਨ ਦਾ ਕਰ ਦਿੱਤਾ ਜਾਵੇ। ਹਰਿਆਣਾ ਨੇ ਦੋ ਦਿਨ ਦਾ ਸੈਸ਼ਨ ਬੁਲਾਇਆ ਹੈ। ਅਜਿਹੇ ਵਿਚ ਪੰਜਾਬ ਸਰਕਾਰ ਦੀਆਂ ਚਿੰਤਾਵਾਂ ਜ਼ਰੂਰ ਵਧੀਆਂ ਹਨ। ਬ੍ਰਹਮ ਮੋਹਿੰਦਰਾ ਦਾ ਕਹਿਣਾ ਹੈ ਕਿ ਇਸ ਸਬੰਧੀ ਆਖਰੀ ਫੈਸਲਾ ਅੱਜ ਦੀ ਕੈਬਨਿਟ ਮੀਟਿੰਗ ਵਿਚ ਲਿਆ ਜਾਵੇਗਾ।