Unemployed TET teachers : ਚੰਡੀਗੜ੍ਹ : ਭਰਤੀ ਦੀ ਮੰਗ ਨੂੰ ਲੈ ਕੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਬੇਰੋਜ਼ਗਾਰ ਟੈੱਟ (TET) ਪਾਸ ਬੀ. ਐੱਡ. ਅਧਿਆਪਕਾਂ ਦੇ ਪ੍ਰਤੀਨਿਧੀ ਮੰਡਲ ਅਤੇ ਸਿੱਖਿਆ ਮੰਤਰੀ ਦੌਰਾਨ ਹੋਈ ਗੱਲਬਾਤ ਕਿਸੇ ਨਤੀਜੇ ਤਕ ਨਾ ਪਹੁੰਚ ਸਕੀ। ਇਸ ਤੋਂ ਬਾਅਦ ਅਧਿਆਪਕਾਂ ਨੇ ਐਲਾਨ ਕੀਤਾ ਕਿ ਉਹ ਜਲਦ ਹੀ ਸਰਕਾਰ ਖਿਲਾਫ ਸੰਘਰਸ਼ ਸ਼ੁਰੂ ਕਰਨਗੇ।
ਇਸ ਤੋਂ ਪਹਿਲਾਂ ਯੂਨੀਅਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਤੇ ਮੈਂਬਰ ਰਣਬੀਰ ਸਿੰਘ, ਮਨਜੋਤ ਕੌਰ ਨਾਲ ਮੀਟਿੰਗ ਦੌਰਾਨ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨੇ ਸਤੰਬਰ ਮਹੀਨੇ ‘ਚ ਅਧਿਆਪਕਾਂ ਦੇ ਸੇਵਾਮੁਕਤ ਹੋਣ ਤੋਂ ਬਾਅਦ ਖਾਲੀ ਅਹੁਦੇ ਤਿੰਨ ਪੜਾਵਾਂ ‘ਚ ਭਰਨ ਅਤੇ ਸਮਾਜਿਕ ਸਿੱਖਿਆ, ਪੰਜਾਬੀ ਤੇ ਹਿੰਦੀ ਵਿਸ਼ੇ ਦੇ ਅਹੁਦੇ ਵਧਾਉਣ ਦਾ ਭਰੋਸਾ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਭਰਤੀ ਲਈ ਨਿਰਧਾਰਤ ਉਮਰ 37 ਤੋਂ 42 ਸਾਲ ਕਰਨ ਦਾ ਏਜੰਡਾ ਆਉਣ ਵਾਲੀ ਕੈਬਨਿਟ ਬੈਠਕ ‘ਚ ਰੱਖਿਆ ਜਾਵੇਗਾ। ਸਰਹੱਦੀ ਇਲਾਕਿਆਂ ‘ਚ ਨਿਯੁਕਤੀ ਦੀ ਸ਼ਰਤ ਇਸ ਕਾਰਨ ਮੰਨਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਜ਼ਿਆਦਾਤਰ ਅਹੁਦੇ ਸਰਹੱਦੀ ਇਲਾਕਿਆਂ ‘ਚ ਹੀ ਖਾਲੀ ਹਨ। ਉਥੇ ਯੂਨੀਅਨ ਦੇ ਮੈਂਬਰਾਂ ਨੇ ਸਿੱਖਿਆ ਮੰਤਰੀ ਨੂੰ ਕਿਹਾ ਕਿ ਸਰਕਾਰੀ ਸਕੂਲਾਂ ‘ਚ 3 ਲੱਖ ਤੋਂ ਵਧ ਦਾਖਲੇ ਹੋ ਚੁੱਕੇ ਹਨ। ਇਸ ਲਈ ਅਧਿਾਆਪਕਾਂ ਦੇ ਅਹੁਦਿਆਂ ‘ਚ ਵਾਧਾ ਕੀਤਾ ਜਾਵੇ।
ਇਸ ਤੋਂ ਇਲਾਵਾ ਜਦੋਂ ਤਕ ਨਿਯੁਕਤੀ ਨਹੀਂ ਹੁੰਦੀ ਸਰਕਾਰ ਆਪਣੇ ਚੋਣ ਵਾਅਦੇ ਅਨੁਸਾਰ ਉਨ੍ਹਾਂ ਨੂੰ 2500 ਰੁਪਏ ਮਹੀਨਾ ਬੇਰੋਜ਼ਗਾਰੀ ਭੱਤਾ ਦੇਵੇ। ਮੀਟਿੰਗ ਤੋਂ ਬਾਅਦ ਯੂਨੀਅਨ ਨੇਤਾਵਾਂ ਨੇ ਕਿਹਾ ਕਿ ਬੈਠਕ ‘ਚ ਸਾਫ ਹੋ ਗਿਆ ਹੈ ਕਿ ਸਰਕਾਰ ਉਨ੍ਹਾਂ ਦੀਆਂ ਮੰਗਾਂ ਮੰਨਣ ਨੂੰ ਤਿਆਰ ਨਹੀਂ ਹੈ ਇਸ ਲਈ ਜਲਦ ਹੀ ਰਾਜ ਪੱਧਰੀ ਮੀਟਿੰਗ ਕਰਕੇ ਸਰਕਾਰ ਖਿਲਾਫ ਸੰਘਰਸ਼ ਦੀ ਰੂਪਰੇਖਾ ਤਿਆਰ ਕੀਤੀ ਜਾਵੇਗੀ।