Demand for action : ਅੰਮ੍ਰਿਤਸਰ : 1984 ਸਿੱਖ ਕਤਲੇਆਮ ਦੇ ਦੋਸ਼ੀ ਜਗਦੀਸ਼ ਟਾਈਟਲਰ ਦੇ ਜਨਮਦਿਨ ਦੀ ਵਧਾਈ ਵਾਲੇ ਬੋਰਡ ਅੰਮ੍ਰਿਤਸਰ ‘ਚ ਲਗਾਉਣ ਦਾ ਮਸਲਾ ਗਰਮਾਉਂਦਾ ਜਾ ਰਿਹਾ ਹੈ। ਇਹ ਫਲੈਕਸ ਬੋਰਡ ਕਾਂਗਰਸ ਦੇ ਐਸਸੀ ਸੈੱਲ ਦੇ ਇੱਕ ਵਾਈਸ ਚੇਅਰਮੈਨ ਕਰਮ ਸਿੰਘ ਗਿੱਲ ਨੇ ਲਗਵਾਏ ਸਨ। ਇਸ ਮਾਮਲੇ ਨੂੰ ਲੈ ਕੇ ਕੁਝ ਸਿੱਖ ਜਥੇਬੰਦੀਆਂ ਵੱਲੋਂ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਪਰ ਪੁਲਿਸ ਵੱਲੋਂ ਹਾਲੇ ਤੱਕ ਕੇਸ ਦਰਜ ਨਹੀਂ ਕੀਤਾ ਗਿਆ।
ਹੁਣ ਇਸ ਮਾਮਲੇ ਤੇ ਰਾਜਨੀਤੀ ਲਗਾਤਾਰ ਭੱਖਦੀ ਜਾ ਰਹੀ ਹੈ। ਅਕਾਲੀ ਦਲ ਤੋਂ ਬਾਅਦ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇਸ ‘ਤੇ ਵਿਰੋਧ ਜ਼ਾਹਰ ਕੀਤਾ। ਐਸਜੀਪੀਸੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਹੈ, ਕਿ ਦਿੱਲੀ ਦੰਗਿਆਂ ਦੇ ਮਾਮਲੇ ਵਿੱਚ ਦੋਸ਼ੀ ਜਗਦੀਸ਼ ਟਾਈਟਲਰ ਦੇ ਜਨਮ ਦਿਨ ਦੀ ਵਧਾਈ ਵਾਲੇ ਬੋਰਡ ਸ਼ਹਿਰ ਵਿੱਚ ਲਗਾਉਣ ਨਾਲ ਸਿੱਖਾਂ ਦੇ ਜ਼ਖ਼ਮਾਂ ‘ਤੇ ਲੂਣ ਛਿੜਕਿਆ ਗਿਆ ਹੈ। ਕਾਂਗਰਸ ਦੀ ਸ਼ਾਂਤ ਮਾਹੌਲ ਨੂੰ ਖਰਾਬ ਕਰਨ ਦੀ ਸਾਜ਼ਿਸ਼ ਹੈ। ਕਰਮ ਸਿੰਘ ਖਿਲਾਫ ਜਲਦ ਤੋਂ ਜਲਦ ਪੁਲਿਸ FIR ਦਰਜ ਕਰੇ। ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਵੀ ਬੋਰਡ ਲਗਾਉਣ ਨੂੰ ਮੰਦਭਾਗਾ ਦੱਸਿਆ।
ਅਕਾਲੀ ਦਲ ਦੇ ਸੀਨੀਅਰ ਨੇਤਾ ਬਿਕਰਮ ਸਿੰਘ ਮਜੀਠੀਆ ਨੇ ਗਿੱਲ ਖਿਲਾਫ FIR ਦਰਜ ਕਰਨ ਦੀ ਮੰਗ ਕੀਤੀ ਸੀ। ਦੂਜੇ ਪਾਸੇ ਕਰਮ ਸਿੰਘ ਗਿੱਲ ਦਾ ਕਹਿਣਾ ਹੈ ਕਿ ਜਗਦੀਸ਼ ਟਾਈਟਲਰ ਨੂੰ ਕਿਸੇ ਵੀ ਅਦਾਲਤ ਨੇ ਦੋਸ਼ੀ ਨਹੀਂ ਮੰਨਿਆ ਹੈ। ਉਨ੍ਹਾਂ ਖਿਲਾਫ ਕੋਈ ਐੱਫ. ਆਈ. ਆਰ. ਨਹੀਂ ਹੈ। ਹੋਰਡਿੰਗ ਲਗਵਾ ਕੇ ਉਨ੍ਹਾਂ ਨੇ ਕੋਈ ਅਪਰਾਧ ਨਹੀਂ ਕੀਤਾ ਫਿਰ ਵੀ ਉਨ੍ਹਾਂ ਨੂੰ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਇਸ ਦੀ ਸ਼ਿਕਾਇਤ ਮੈਂ ਡੀ. ਜੀ. ਪੀ. ਅਤੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੂੰ ਦੇ ਕੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕਰਾਂਗਾ।