Terrible collision between : ਜਲੰਧਰ ‘ਚ ਅੱਜ ਲੰਮਾ ਪਿੰਡ ਫਲਾਈਓਵਰ ‘ਤੇ ਤੇਲ ਦੇ ਟੈਂਕਰ ਤੇ ਤੇਜ਼ ਰਫਤਾਰ ਕਾਰ ਵਿਚਕਾਰ ਟੱਕਰ ਹੋ ਗਈ। ਹਾਦਸੇ ‘ਚ ਕਾਰ ਦੇ ਪਰਖੱਚੇ ਉਡ ਗਏ। ਪਹੀਆਂ ਸਮੇਤ ਬਾਕੀ ਕਈ ਹਿੱਸੇ ਇਧਰ-ਉਧਰ ਬਿਖਰ ਗਏ। ਚੰਗੀ ਗੱਲ ਇਹ ਰਹੀ ਕਿ ਮੌਕੇ ‘ਤੇ ਏਅਰਬੈਗ ਖੁੱਲ੍ਹ ਗਏ ਅਤੇ ਕਾਰ ਸਵਾਰ ਪਿਤਾ-ਪੁੱਤਰ ਦੀ ਜਾਨ ਬਚ ਗਈ। ਇਸ ਹਾਦਸੇ ਤੋਂ ਬਾਅਦ ਲਗਭਗ ਇਕ ਘੰਟੇ ਤਕ ਜਲੰਧਰ-ਅੰਮ੍ਰਿਤਸਰ ਹਾਈਵੇ ‘ਤੇ ਜਾਮ ਲੱਗਾ ਰਿਹਾ।
ਹਾਦਸੇ ਦੀ ਸੂਚਨਾ ਮਿਲਦੇ ਹੀ ਤੁਰੰਤ ਥਾਣਾ ਡਵੀਜ਼ਨ ਨੰਬਰ 8 ਦੀ ਪੁਲਿਸ ਅਤੇ ਹਾਈਵੇ ਪੈਟਰੋਲਿੰਗ ਟੀਮ ਮੌਕੇ ‘ਤੇ ਪੁੱਜੀ. ਪੁਲਿਸ ਨੇ ਕਾਰ ‘ਚ ਸਵਾਰ ਮਹਿੰਦਰ ਸਿੰਘ ਤੇ ਪੁੱਤਰ ਹਰਪ੍ਰੀਤ ਸਿੰਘ ਨੂੰ ਪ੍ਰਾਈਵੇਟ ਹਸਪਤਾਲ ਵਿਚ ਭਰਤੀ ਕਰਵਾਇਆ। ਇਸ ਤੋਂ ਇਲਾਵਾ ਕਰੇਨ ਦੀ ਮਦਦ ਨਾਲ ਦੋਵੇਂ ਵਾਹਨਾਂ ਨੂੰ ਸਾਈਡ ਕਰਵਾ ਕੇ ਲਗਭਗ ਇਕ ਘੰਟੇ ਬਾਅਦ ਜਾਮ ਖੁੱਲ੍ਹਵਾਇਆ ਗਿਆ।
ਟੈਂਕਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਮੌਕੇ ‘ਤੇ ਪੁੱਜੇ ਏ. ਐੱਸ. ਆਈ. ਜਸਵਿੰਦਰ ਸਿੰਘ ਨੇ ਕਿਹਾ ਕਿ ਜ਼ਖਮੀਆਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਨੇ ਕਿਹਾ ਕਿ ਜਾਂਚ ਕੀਤੀ ਜਾ ਰਹੀ ਹੈ ਤੇ ਜਲਦ ਹੀ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।