Open University opens in Patiala : ਪਟਿਆਲਾ ਵਿਚ ਹੁਣ ਕਿਸੇ ਵੀ ਵਰਗ ਦੇ ਸਿੱਖਿਆ ਦੇ ਚਾਹਵਾਨ ਵਿਅਕਤੀ ਲਈ ਉੱਚ ਵਿੱਦਿਆ ਲੈਣ ਦੇ ਰਾਹ ‘ਜਗਤ ਗੁਰੂ ਨਾਨਕ ਦੇਵ ਪੰਜਾਬ ਰਾਜ ਓਪਨ ਯੂਨੀਵਰਸਿਟੀ’ ਦੀ ਸ਼ੁਰੂਆਤ ਨਾਲ ਖੁੱਲ੍ਹ ਗਏ ਹਨ। ਇਸ ਦਾ ਆਰਜ਼ੀ ਦਫਤਰ ਸਰਕਾਰੀ ਮਹਿੰਦਰਾ ਕਾਲਜ ਦੇ ਪ੍ਰਿੰਸੀਪਲ ਦੀ ਕੋਠੀ ਵਿਖੇ ਬਣਾਇਆ ਗਿਆ ਹੈ। ਇਸ ਯੂਨੀਵਰਸਿਟੀ ਵਿਚ ਗੁਰਦਰਸ਼ਨ ਸਿੰਘ ਬਰਾੜ ਰਜਿਸਟਰਾਰ (ਵਾਧੂ ਚਾਰਜ) ਵਜੋਂ ਅਹੁਦੇ ‘ਤੇ ਤਾਇਨਾਤ ਹੋਏ ਹਨ। ਗੁਰਦਰਸ਼ਨ ਸਿੰਘ ਬਰਾੜ ਉਚੇਰੀ ਸਿੱਖਿਆ ਵਿਭਾਗ ‘ਚ ਬਤੌਰ ਸਹਾਇਕ ਡਾਇਰੈਕਟਰ ਵਜੋਂ ਸੇਵਾ ਨਿਭਾ ਰਹੇ ਹਨ। ਦੱਸਣਯੋਗ ਹੈ ਕਿ ਇਸ ਯੂਨੀਵਰਸਿਟੀ ਦੀ ਸਥਾਪਨਾ ਦਾ ਐਲਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਕੀਤਾ ਗਿਆ ਸੀ।

ਜ਼ਿਕਰਯੋਗ ਹੈ ਕਿ ਇਸ ਯੂਨੀਵਰਸਿਟੀ ਰਾਹੀਂ ਕਿਸੇ ਵੀ ਤਰ੍ਹਾਂ ਦਾ ਰੋਜ਼ਗਾਰ ਵਾਲੇ ਵਿਅਕਤੀਆਂ, ਘਰੇਲੂ ਸੁਆਣੀਆਂ, ਬਾਲਗਾਂ ਅਤੇ ਪ੍ਰਵਾਸੀ ਭਾਰਤੀਆਂ ਲਈ ਉੱਚ ਪੱਧਰ ਦੀ ਵਿਦਿਆ ਹਾਸਿਲ ਕਰਨ ਜਾਂ ਆਪਣੇ ਵਿੱਦਿਅਕ ਪੱਧਰ ਨੂੰ ਹੋਰ ਉੱਚਾ ਕਰਨ ਦੇ ਮੌਕੇ ਪੱਤਰ ਵਿਹਾਰ ਵਿਧੀ ਜ਼ਰੀਏ ਉਪਲਬਧ ਹੋ ਸਕਣਗੇ। ਯੂਨੀਵਰਸਿਟੀ ਦੀਆਂ ਕਲਾਸਾਂ ਅਗਲੇ ਸਾਲ ਜਨਵਰੀ ‘ਚ ਸ਼ੁਰੂ ਕੀਤੀਆਂ ਜਾਣਗੀਆਂ, ਜਿਸ ਲਈ ਖ਼ਾਕਾ ਤਿਆਰ ਕੀਤਾ ਜਾ ਰਿਹਾ ਹੈ ਅਤੇ ਯੂਨੀਵਰਸਿਟੀ ਵੱਲੋਂ ਪਹਿਲੇ ਸੈਸ਼ਨ ਦੌਰਾਨ ਬੀ.ਏ., ਬੀ.ਬੀ.ਏ. ਸਮੇਤ ਹੋਰ ਕਿੱਤਾ ਮੁਖੀ ਕੋਰਸ ਵੀ ਸ਼ੁਰੂ ਕਰਨ ਦੀ ਤਜਵੀਜ਼ ਹੈ। ਯੂਨੀਵਰਸਿਟੀ ਦਾ ਸਿਲੇਬਸ ਵਿਦਿਆਰਥੀਆਂ ਦੀ ਪੱਤਰ ਵਿਹਾਰ ਵਿਧੀ ਰਾਹੀਂ ਆਨ-ਲਾਈਨ ਕੋਰਸਾਂ ਵੱਲ ਵੱਧ ਰਹੀ ਤਵੱਜੋ ਅਤੇ ਵਿਸ਼ਵ ਪੱਧਰ ‘ਤੇ ਸਿੱਖਿਆ ਦੇ ਖੇਤਰ ਵਿੱਚ ਆ ਰਹੀਆਂ ਤਬਦੀਲੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਤਿਆਰ ਕੀਤਾ ਜਾਵੇਗਾ।

ਸ. ਗੁਰਦਰਸ਼ਨ ਸਿੰਘ ਬਰਾੜ ਨੇ ਆਪਣਾ ਅਹੁਦਾ ਸੰਭਾਲਣ ਮੌਕੇ ਕਿਹਾ ਕਿ ਉਹ ਤੈਅ ਸਮੇਂ ‘ਚ ਸਾਰੇ ਕੰਮ ਨੂੰ ਮੁਕੰਮਲ ਕਰਕੇ ਯੂਨੀਵਰਸਿਟੀ ਦੀਆਂ ਕਲਾਸਾਂ ਸ਼ੁਰੂ ਕਰਨਗੇ। ਉਨ੍ਹਾਂ ਜਲਦੀ ਹੀ ਯੂਨੀਵਰਸਿਟੀ ਲਈ ਲਾਇਬਰੇਰੀ, ਵੈਬ ਸਾਈਟ ਅਤੇ ਹੋਰ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਕਮੇਟੀ ਬਣਾਈ ਜਾਵੇਗੀ।























