PM Modi to announce: ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ ਕਿ ਵੀਰਵਾਰ ਨੂੰ ਦੇਸ਼ ਭਰ ਦੇ ਸ਼ਹਿਰਾਂ ਵਿੱਚ ਸਫਾਈ ਨਾਲ ਸਬੰਧਿਤ ‘ਸਵੱਛ ਸਰਵੇਖਣ 2020’ ਦੇ ਨਤੀਜਿਆਂ ਦਾ ਐਲਾਨ ਕਰਨਗੇ। ਸਰਕਾਰ ਹਰ ਸਾਲ ਸਵੈ-ਇੱਛੁਕ ਸਰਵੇ ਦੇ ਨਤੀਜੇ ਘੋਸ਼ਿਤ ਕਰਦੀ ਹੈ ਅਤੇ ਇਸ ਤੋਂ ਪਹਿਲਾਂ ਚਾਰ ਵਾਰ ਅਜਿਹਾ ਸਰਵੇ ਕੀਤਾ ਜਾ ਚੁੱਕਿਆ ਹੈ। ਕੇਂਦਰੀ ਆਵਾਸ ਅਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰਾਲੇ ਵੱਲੋਂ ਆਯੋਜਿਤ ‘ਸਵੱਛ ਮਹੋਤਸਵ’ ਨਾਮਕ ਇਸ ਪ੍ਰੋਗਰਾਮ ਵਿੱਚ ਕੁੱਲ 129 ਸ਼ਹਿਰਾਂ ਨੂੰ ਇਨਾਮ ਦਿੱਤੇ ਜਾਣਗੇ।
ਪੀਐਮ ਮੋਦੀ ਇਸ ਮੌਕੇ ਵੀਡੀਓ ਕਾਨਫਰੰਸ ਰਾਹੀਂ ਸਵੱਛ ਭਾਰਤ ਮਿਸ਼ਨ ਸ਼ਹਿਰੀ ਅਧੀਨ ਕੰਮ ਕਰਨ ਵਾਲੇ ਦੇਸ਼ ਭਰ ਦੇ ਚੁਣੇ ਗਏ ਲਾਭਪਾਤਰੀਆਂ, ਸਫ਼ਾਈ ਸੇਵਕਾਂ ਅਤੇ ਸਫ਼ਾਈ ਕਰਮੀਆਂ ਨਾਲ ਵੀ ਗੱਲਬਾਤ ਕਰਨਗੇ। ਉਹ ਇਸ ਮੌਕੇ ਸਵੱਛ ਸਰਵੇਖਣ 2020 ਡੈਸ਼ਬੋਰਡ ਦਾ ਉਦਘਾਟਨ ਵੀ ਕਰਨਗੇ ।
ਦੁਨੀਆ ਦੇ ਇਸ ਸਭ ਤੋਂ ਵੱਡੇ ਸਫਾਈ ਸਰਵੇਖਣ ਵਿੱਚ 4242 ਸ਼ਹਿਰਾਂ, 62 ਛਾਉਣੀ ਬੋਰਡਾਂ ਅਤੇ ਗੰਗਾ ਨੇੜੇ 92 ਕਸਬਿਆਂ ਦੀ ਰੈਂਕਿੰਗ ਜਾਰੀ ਕੀਤੀ ਜਾਵੇਗੀ। ਇਨ੍ਹਾਂ ਇਲਾਕਿਆਂ ਵਿੱਚ 1ਕਰੋੜ 90 ਲੱਖ ਮਿਲੀਅਨ ਦੀ ਆਬਾਦੀ ਰਹਿੰਦੀ ਹੈ। ਸਰਵੇਖਣ ਦੇ ਪਹਿਲੇ ਸੰਸਕਰਣ ਵਿੱਚ ਭਾਰਤ ਦਾ ਸਭ ਤੋਂ ਸਾਫ ਸ਼ਹਿਰ ਦਾ ਖ਼ਿਤਾਬ ਮੈਸੂਰ ਨੇ ਜਿੱਤਿਆ ਸੀ, ਜਦੋਂਕਿ ਇੰਦੌਰ ਲਗਾਤਾਰ ਤਿੰਨ ਸਾਲ (2017,2018,2019) ਸਿਖਰ ‘ਤੇ ਰਿਹਾ।
ਦੱਸ ਦੇਈਏ ਕਿ ਤਕਰੀਬਨ ਇੱਕ ਮਹੀਨਾ ਚੱਲੇ ਇਸ ਸਰਵੇਖਣ ਦੌਰਾਨ ਇੱਕ ਕਰੋੜ 70 ਲੱਖ ਨਾਗਰਿਕਾਂ ਨੇ ਸਫਾਈ ਐਪ ‘ਤੇ ਰਜਿਸਟਰਡ ਕੀਤਾ ਹੈ। ਇਸ ਵਿੱਚ ਸੋਸ਼ਲ ਮੀਡੀਆ ‘ਤੇ 11 ਕਰੋੜ ਤੋਂ ਵੱਧ ਲੋਕ ਸ਼ਾਮਿਲ ਹੋਏ। ਸਾਢੇ ਪੰਜ ਲੱਖ ਤੋਂ ਵੱਧ ਸਫਾਈ ਕਰਮਚਾਰੀ ਸਮਾਜ ਭਲਾਈ ਸਕੀਮਾਂ ਨਾਲ ਜੁੜੇ ਹੋਏ ਹਨ ਅਤੇ 21 ਹਜ਼ਾਰ ਅਜਿਹੀਆਂ ਥਾਵਾਂ ਦੀ ਪਛਾਣ ਕੀਤੀ ਗਈ ਹੈ, ਜਿੱਥੇ ਕੂੜਾ-ਕਰਕਟ ਲੱਭਣ ਦੀ ਵਧੇਰੇ ਸੰਭਾਵਨਾ ਹੈ । ਆਵਾਸ ਅਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰੀ ਹਰਦੀਪ ਸਿੰਘ ਪੁਰੀ ਸਮੇਤ ਵੱਖ-ਵੱਖ ਸ਼ਹਿਰਾਂ ਦੇ ਮੇਅਰ, ਕਾਰਪੋਰੇਸ਼ਨ ਕਮਿਸ਼ਨਰ ਅਤੇ ਹੋਰ ਹਿੱਸੇਦਾਰ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਣਗੇ।