Qureshi demanded highest : ਭਾਰਤੀਆਂ ਲਈ ਬਲਿਦਾਨ ਦੀ ਮਿਸਾਲ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਪਾਕਿਸਤਾਨ ਦੇ ਸਰਵਉੱਚ ਨਾਗਰਿਕ ਸਨਮਾਨ ਨਿਸ਼ਾਨ-ਏ-ਪਾਕਿਸਤਾਨ ਨਾਲ ਨਿਵਾਜੇ ਜਾਣ ਦੀ ਮੰਗ ਕੀਤੀ ਜਾ ਰਹੀ ਹੈ। ਪਾਕਿਸਤਾਨ ‘ਚ ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੇ ਚੇਅਰਮੈਨ ਇਮਤਿਆਜ ਰਾਸ਼ਿਦ ਕੁਰੈਸ਼ੀ ਨੇ ਭਾਰਤ ਤੇ ਪਾਕਿਸਤਾਨ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਭਗਤ ਸਿੰਘ ਨੂੰ ਸਰਵਉੱਚ ਨਾਗਿਰਕ ਸਨਮਾਨ ਦੇਣ ਮੰਗ ਕੀਤੀ ਹੈ। ਕੁਰੈਸ਼ੀ ਨੇ ਭਗਤ ਸਿੰਘ ਦੇ 113ਵੇਂ ਜਨਮ ਦਿਨ ‘ਤੇ 28 ਸਤੰਬਰ ਨੂੰ ਉਨ੍ਹਾਂ ਨੂੰ ਭਾਰਤ ‘ਚ ਭਾਰਤ ਰਤਨ ਅਤੇ ਪਾਕਿਸਤਾਨ ‘ਚ ਨਿਸ਼ਾਨ-ਏ-ਪਾਕਿਸਤਾਨ ਦਿੱਤੇ ਜਾਣ ਦੀ ਮੰਗ ਕੀਤੀ ਹੈ।
ਕੁਰੈਸ਼ੀ ਨੇ ਕਿਹਾ ਕਿ ਉਨ੍ਹਾਂ ਨੇ ਸ਼ਹੀਦ ਭਗਤ ਸਿੰਘ ਨੂੰ ਸਰਵਉੱਚ ਪਾਕਿਸਤਾਨੀ ਪੁਰਸਕਾਰ ਦਿੱਤੇ ਜਾਣ ਦੀ ਮੰਗ ਕੀਤੀ ਹੈ ਕਿਉਂਕਿ ਕਾਇਦੇ ਆਜਮ ਮੁਹੰਮਦ ਅਲੀ ਜਿੰਨਾ ਨੇ 4 ਤੋਂ 12 ਸਤੰਬਰ 1929 ਨੂੰ ਦਿੱਲੀ ‘ਚ ਸੈਂਟਰਲ ਅਸੈਂਬਲੀ ‘ਚ ਦਿੱਤੇ ਭਾਸ਼ਣ ‘ਚ ਕਿਹਾ ਸੀ ਕਿ ਭਗਤ ਸਿੰਘ ਵਰਗਾ ਵੀਰ ਤੇ ਹਿੰਮਤੀ ਵਿਅਕਤੀ ਭਾਰਤੀ ਉਪ ਮਹਾਦੀਪ ‘ਚ ਪਹਿਲਾ ਪੈਦਾ ਨਹੀਂ ਹੋਇਆ। ਸਮਾਜਿਕ ਵਰਕਰ ਤੇ ਵਕੀਲ ਕੁਰੈਸ਼ੀ ਭਗਤ ਸਿੰਘ ਲਈ ਸਿਰਫ ਸਨਮਾਨ ਦੀ ਹੀ ਮੰਗ ਨਹੀਂ ਕਰ ਰਹੇ ਸਗੋਂ ਉਹ ਲਾਹੌਰ ਹਾਈਕੋਰਟ ‘ਚ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਕੇਸ ਨੂੰ ਦੁਬਾਰਾ ਸੁਣੇ ਜਾਣ ਲਈ ਵੀ ਸੰਘਰਸ਼ ਕਰ ਰਹੇ ਹਨ। ਕੁਰੈਸ਼ੀ ਦਾ ਕਹਿਣਾ ਹੈ ਕਿ ਇਹ ਤਿੰਨੋਂ ਆਜ਼ਾਦੀ ਘੁਲਾਟੀਆਂ ਨੂੰ ਇਨਸਾਫ ਦਿਵਾਉਣ ਲਈ ਇਸ ਮਾਮਲੇ ‘ਤੇ ਦੁਬਾਰਾ ਸੁਣਵਾਈ ਕਰਵਾਉਣਾ ਚਾਹੁੰਦੇ ਹਨ ਤਾਂ ਕਿ ਉਨ੍ਹਾਂ ਨੂੰ ਨਿਰਦੇਸ਼ ਸਾਬਤ ਕੀਤਾ ਜਾ ਸਕੇ।
ਭਾਰਤ ‘ਚ ਅੰਗਰੇਜ਼ਾਂ ਦੇ ਸ਼ਾਸਨ ਦੌਰਾਨ ਭਗਤ ਸਿੰਘ ਨੂੰ 23 ਸਾਲ ਦੀ ਉਮਰ ‘ਚ ਦੋ ਸਾਥੀ ਕ੍ਰਾਂਤੀਕਾਰੀਆਂ ਰਾਜਗੁਰੂ ਤੇ ਸੁਖਦੇਵ ਨਾਲ ਲਾਹੌਰ ਦੀ ਇਕ ਜੇਲ੍ਹ ‘ਚ ਫਾਂਸੀ ਦੇ ਦਿੱਤੀ ਗਈ ਸੀ। ਕੁਰੈਸ਼ੀ ਪਾਕਿਸਤਾਨ ‘ਚ ਸ਼ਾਦਮਾਨ ਚੌਕ ਦਾ ਨਾਂ ਭਗਤ ਸਿੰਘ ਦੇ ਨਾਂ ‘ਤੇ ਰੱਖੇ ਜਾਣ ਦੀ ਮੰਗ ਵੀ ਕਰ ਰਹੇ ਹਨ। ਉਹ ਚਾਹੁੰਦੇ ਹਨ ਕਿ ਇਸ ਚੌਕ ‘ਤੇ ਭਗਤ ਸਿੰਘ ਦੀ ਮੂਰਤੀ ਲੱਗੇ ਜਿਸ ਨਾਲ ਪਾਕਿਸਤਾਨੀ ਨੌਜਵਾਨ ਭਗਤ ਸਿੰਘ ਦੇ ਬਲਿਦਾਨ ਤੋਂ ਕੁਝ ਸਿੱਖ ਸਕਣ। ਉਨ੍ਹਾਂ ਕਿਹਾ ਕਿ ਉਹ ਭਗਤ ਸਿੰਘ ਨੂੰ ਸਨਮਾਨ ਦਿਵਾਉਣ ਤਕ ਸੰਘਰਸ਼ ਜਾਰੀ ਰੱਖਣਗੇ।