Three youths arrested : ਮੋਗਾ ਵਿਖੇ ਆਜ਼ਾਦੀ ਦਿਹਾੜੇ ਤੋਂ ਇਕ ਦਿਨ ਪਹਿਲਾਂ ਕੰਪਲੈਕਸ ਦਫਤਰ ਦੀ ਚੌਥੀ ਮੰਜ਼ਿਲ ‘ਤੇ ਖਾਲਿਸਤਾਨੀ ਝੰਡਾ ਲਹਿਰਾਉਣ ਅਤੇ ਰਾਸ਼ਟਰੀ ਝੰਡੇ ਦੀ ਬੇਅਦਬੀ ਕਰਨ ਦੇ ਮਾਮਲੇ ਵਿਚ ਪੁਲਿਸ ਨੇ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। SSP ਹਰਮਨਬੀਰ ਸਿੰਘ ਗਿੱਲ ਮੁਤਾਬਕ ਇਸ ਘਟਨਾ ‘ਚ ਜਸਪਾਲ ਸਿੰਘ, ਇੰਦਰਜੀਤ ਸਿੰਘ ਨਿਵਾਸੀ ਪਿੰਡ ਰੌਲੀ (ਮੋਗਾ) ਅਤੇ ਆਕਾਸ਼ਦੀਪ ਸਿੰਘ ਨਿਵਾਸੀ ਸਾਧੂਵਾਲਾ (ਫਿਰੋਜ਼ਪੁਰ) ਸ਼ਾਮਲ ਸਨ।
ਸਿੱਖ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਅੱਤਵਾਦੀ ਗੁਰਪਤਵੰਤ ਸਿੰਘ ਪੰਨੂੰ ਵਲੋਂ ਇਨਾਮ ਦੇ ਐਲਾਨ ਤੋਂ ਬਾਅਦ ਤਿੰਨ ਨੌਜਵਾਨਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਜਾਂਚ ‘ਚ ਪੁਲਿਸ ਨੇ ਦੋਸ਼ੀ ਆਕਾਸ਼ਦੀਪ (19) ਨੂੰ ਬਠਿੰਡਾ ਖੇਤਰ ਤੋਂ ਗ੍ਰਿਫਤਾਰ ਕਰ ਲਿਆ ਹੈ। ਦੋਸ਼ੀ ਨੇ ਕਬੂਲਿਆ ਕਿ ਵਾਰਦਾਤ ਨੂੰ ਅੰਜਾਮ ਜਸਪਾਲ ਤੇ ਇੰਦਰਜੀਤ ਨੇ ਦਿੱਤਾ ਸੀ ਜਦੋਂ ਕਿ ਝੰਡਾ ਲਗਾਉਣ ਅਤੇ ਉਤਾਰਨ ਦਾ ਵੀਡੀਓ ਉਸ ਨੇ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਖੜ੍ਹਾ ਹੋ ਕੇ ਬਣਾਇਆ ਸੀ। ਐੱਸ. ਐੱਸ. ਪੀ. ਹਰਮਨਬੀਰ ਮੁਤਾਬਕ FIR ਨੰਬਰ 106 ‘ਚ ਪਹਿਲਾਂ ਆਈ.ਪੀ. ਸੀ. ਦੀ ਧਾਰਾ 115, 121, 121ਏ, 124ਏ, 153ਏ, 153ਬੀ ਅਤੇ 506 ਸਮੇਤ ਰਾਸ਼ਟਰੀ ਝੰਡੇ ਦੀ ਬੇਅਦਬੀ ਕਰਨ ਦੀ ਧਾਰਾ ਤਹਿਤ ਕੇਸ ਦਰਜ ਕੀਤਾ ਗਿਆ ਪਰ ਹੁਣ ਤਿੰਨੋਂ ਦੋਸ਼ੀਆਂ ‘ਤੇ ਯੂ. ਏ. ਪੀ. ਏ. ਵੀ ਲਗਾ ਦਿੱਤੀ ਗਈ ਹੈ। ਪੁਲਿਸ ਕੋਰਟ ਤੋਂ ਦੋਸ਼ੀਆਂ ਦਾ 30 ਦਿਨ ਦਾ ਰਿਮਾਂਡ ਹਾਸਲ ਕਰ ਸਕਦੀ ਹੈ ਅਤੇ ਇਸ ਧਾਰਾ ਤਹਿਤ ਜ਼ਮਾਨਤ ਨਹੀਂ ਮਿਲ ਸਕਦੀ।
14 ਅਗਸਤ ਦੀ ਘਟਨਾ ਤੋਂ ਬਾਅਦ ਮਾਮਲੇ ਦੀ ਸ਼ੁਰੂਆਤੀ ਜਾਂਚ ਦੌਰਾਨ ਪ੍ਰਬੰਧਕੀ ਕੰਪਲੈਕਸ ‘ਚ ਤਿੰਨ ASI ਧਲਵਿੰਦਰ ਸਿੰਘ, ਨਿਰਮਲ ਸਿੰਘ ਤੇ ਮੱਖਣ ਸਿੰਘ ਦੀ ਲਾਪ੍ਰਵਾਹੀ ਕਾਰਨ ਉਨ੍ਹਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ। ਸੂਤਰਾਂ ਮੁਤਾਬਕ ਘਟਨਾ ਸਮੇਂ ਅਤੇ ਉਸ ਤੋਂ ਇਕ ਦਿਨ ਪਹਿਲਾਂ ਦੋਸ਼ੀਆਂ ਵਲੋਂ ਰੇਕੀ ਕਰਦੇ ਸਮੇਂ ਵੀ ਸੁਰੱਖਿਆ ਕਰਮਚਾਰੀ ਉਥੇ ਤਾਇਨਾਤ ਨਹੀਂ ਸਨ।