An important decision : ਸਰਵ ਸਿੱਖਿਆ ਅਭਿਆਨ ਦਫਤਰੀ ਕਰਮਚਾਰੀਆ ਵੱਲੋਂ ਫੈਸਲਾ ਲਿਆ ਗਿਆ ਹੈ ਕਿ ਇਸ ਵਾਰ ਉਹ ਆਪਣੀਆਂ ਸਮੱਸਿਆਵਾਂ ਨੂੰ ਲੈ ਕੇ ਕਿਸੇ ਮੰਤਰੀ, ਵਿਧਾਇਕ ਜਾਂ ਐੱਮ. ਪੀ. ਕੋਲ ਨਹੀਂ ਜਾਣਗੇ ਸਗੋਂ ਉਹ ਉਨ੍ਹਾਂ ਲੋਕਲ ਲੀਡਰਾਂ ਰਾਹੀ ਸਿੱਖਿਆ ਮੰਤਰੀ ਸਾਹਮਣੇ ਆਪਣੀਆਂ ਸਮੱਸਿਆਵਾਂ ਪੇਸ਼ ਕਰਨਗੇ ਤੇ ਉਨ੍ਹਾਂ ਤੋਂ ਸਵਾਲ ਪੁੱਛਣਗੇ ਕਿ ਜੇਕਰ ਸਾਲ 2018 ਵਿਚ 8886 ਅਧਿਆਪਕ ਪੱਕੇ ਕਰ ਦਿੱਤੇ ਗਏ ਹਨ ਤਾਂ 2 ਸਾਲ ਬਾਅਦ ਵੀ ਦਫਤਰੀ ਕਰਮਚਾਰੀਆ ਨੂੰ ਪੱਕਾ ਕਿਉਂ ਨਹੀ ਕੀਤਾ ਗਿਆ। ਮੁਲਾਜ਼ਮਾਂ ਵੱਲੋਂ ਕਾਂਗਰਸੀ ਆਗੂਆਂ ਨੂੰ ਮਿਲਣ ਦੀ ਇਹ ਮੁਹਿੰਮ 24 ਅਗਸਤ ਤੋਂ 31 ਅਗਸਤ ਤੱਕ ਚਲਾਈ ਜਾਵੇਗੀ।
ਆਮ ਤੌਰ ‘ਤੇ ਲੋਕ ਆਪਣੇ ਮਸਲਿਆ ਨੂੰ ਲੈ ਕੇ ਵਿਧਾਇਕਾਂ, ਮੰਤਰੀਆ ਅਤੇ ਐਮ.ਪੀ ਕੋਲ ਜਾਦੇ ਹਨ ਪ੍ਰੰਤੂ ਇਸ ਵਾਰ ਕਾਂਗਰਸ ਦੇ ਲੋਕ ਲੀਡਰ ਜੋ ਉਨ੍ਹਾਂ ਕੋਲ ਵੋਟਾਂ ਮੰਗਣ ਆਉਦੇ ਹਨ ਉਨ੍ਹਾਂ ਤੱਕ ਪਹੁੰਚ ਕਰਨਗੇ ਅਤੇ ਦਫਤਰੀ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਵੋਟਾਂ ਦੋਰਾਨ ਲੋਕਲ ਲੀਡਰਾਂ ਨੇ ਹੀ ਵੋਟਾਂ ਮੰਗਣ ਘਰਾਂ ਵਿਚ ਆ ਕੇ ਸਾਡੇ ਪਰਿਵਾਰਾਂ ਨਾਲ ਗੱਲਬਾਤ ਕਰਨੀ ਹੈ । ਇਸ ਲਈ ਅਸੀ ਆਪਣੀ ਮੰਗ ਨੂੰ ਇਨ੍ਹਾਂ ਅੱਗੇ ਰੱਖਿਆ ਹੈ ਕਿ ਸਿੱਖਿਆ ਮੰਤਰੀ ਤੋਂ ਇਹ ਮੰਗ ਪੂਰੀ ਕਰਵਾਈ ਜਾਵੇ।ਇਸ ਦੇ ਨਾਲ ਹੀ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਸਰਕਾਰ ਆਪਣੇ ਬਹੁਤੇ ਕੰਮਾਂ ਨੂੰ ਸੋਸ਼ਲ ਮੀਡੀਆ(ਫੇਸਬੁੱਕ,ਟਵੀਟਰ,ਯੂਟਿਊਬ,ਇੰਸਟਾਗ੍ਰਾਂਮ) ਤੇ ਪ੍ਰਚਾਰ ਕਰ ਰਹੀ ਹੈ। ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ #Askcaptain ਜ਼ਰੀਏ ਆਮ ਲੋਕਾਂ ਤੋਂ ਸਵਾਲ ਜਾਣ ਕੇ ਉਨ੍ਹਾਂ ਦੇ ਜਵਾਬ ਦੇ ਰਹੇ ਹਨ ਇਸੇ ਤਰਜ਼ ਤੇ ਦਫਤਰੀ ਮੁਲਾਜ਼ਮਾਂ ਵੱਲੋਂ #AskEMVijayindersingla ਮੁਹਿੰਮ ਦਾ ਅਗਾਜ਼ ਕੀਤਾ ਜਾ ਰਿਹਾ ਹੈ ਜਿਸ ਰਾਹੀ ਸਿੱਖਿਆ ਮੰਤਰੀ ਨੂੰ ਸਵਾਲ ਕਰਨਗੇ ਅਤੇ ਆਮ ਜਨਤਾ ਨੂੰ ਸੋਸ਼ਲ ਮੀਡੀਆ ਤੇ ਸਿੱਖਿਆ ਮੰਤਰੀ ਨੂੰ ਸਵਾਲ ਕਰਨ ਦੀ ਅਪੀਲ ਕਰਨਗੇ ਕਿ 8886 ਅਧਿਆਪਕਾਂ ਨੂੰ ਪੱਕਾ ਕਰ ਦਿੱਤਾ ਗਿਆ ਹੈ ਪਰ ਦਫਤਰੀ ਕਰਮਚਾਰੀਆ ਕਿਉਂ ਨਹੀ।
ਇਥੇ ਇਹ ਵੀ ਦੱਸਣਯੋਗ ਹੈ ਕਿ ਸਾਲ 2018 ਦੋਰਾਨ ਜਦੋਂ 8886 ਅਧਿਆਪਕਾਂ ਨੂੰ ਪੱਕਾ ਕੀਤਾ ਗਿਆ ਸੀ ਤਾਂ ਉਸ ਸਮੇਂ ਦੇ ਸਿੱਖਿਆ ਮੰਤਰੀ ਓ.ਪੀ. ਸੋਨੀ ਵੱਲੋਂ ਵਾਰ ਵਾਰ ਭਰੋਸਾ ਦਿੱਤਾ ਗਿਆ ਸੀ ਕਿ ਕਲੈਰੀਕਲ ਸਟਾਫ ਨੂੰ ਵੀ ਪੱਕਾ ਕਰ ਦਿੱਤਾ ਜਾਵੇਗਾ ਪਰ ਅਜਿਹਾ ਨਹੀਂ ਹੋਇਆ ਤੇ ਉਨ੍ਹਾਂ ਦੀਆਂ ਮੰਗਾਂ ਜਿਉਂ ਦੀਆਂ ਤਿਉਂ ਹੀ ਰਹਿ ਗਈਆਂ। ਤੇ 2 ਸਾਲ ਬੀਤ ਜਾਣ ਤੋਂ ਬਾਅਦ ਵੀ ਦਫਤਰੀ ਮੁਲਾਜ਼ਮਾਂ ਨੂੰ ਪੱਕਾ ਨਹੀਂ ਕੀਤਾ ਗਿਆ। ਸਰਵ ਸਿੱਖਿਆ ਅਭਿਆਨ/ ਮਿਡ ਡੇ ਮੀਲ ਦਫਤਰੀ ਕਰਮਚਾਰੀ ਯੂਨੀਅਨ ਦੇ ਆਗੂ ਵਿਕਾਸ ਕੁਮਾਰ ਅਸ਼ੀਸ਼ ਜੁਲਹਾ ਰਜਿੰਦਰ ਸਿੰਘ ਸੰਧਾ, ਪ੍ਰਵੀਨ ਸ਼ਰਮਾ,ਹਰਪ੍ਰੀਤ ਸਿੰਘ,ਗੁਰਪ੍ਰੀਤ ਸਿੰਘ,ਚਮਕੌਰ ਸਿੰਘ, ਸਰਬਜੀਤ ਸਿੰਘ ਨੇ ਕਿਹਾ ਕਿ ਨੇ ਕਿਹਾ ਕਿ ਦਫਤਰੀ ਕਰਮਚਾਰੀਆ ਨੂੰ ਪੱਕਾ ਕਰਨ ਉਪਰੰਤ ਪੰਜਾਬ ਸਰਕਾਰ ਨੂੰ ਤਕਰੀਬਨ 100 ਕਰੋੜ ਰੁਪਏ ਦੀ ਬੱਚਤ ਹੋਵੇਗੀ ਜਿਸ ਦੀ ਪ੍ਰਵਾਨਗੀ ਵਿੱਤ ਵਿਭਾਗ ਵੱਲੋਂ ਦਸੰਬਰ 2019 ਵਿਚ ਦੇ ਦਿੱਤੀ ਗਈ ਹੈ ਪ੍ਰੰਤੂ ਸਰਕਾਰ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਅਜੇ ਵੀ ਟਾਈਮ ਪਾਸ ਕਰ ਰਹੀ ਹੈ।