Elderly Pakistan Rangers : ਅੰਮ੍ਰਿਤਸਰ : ਕੁਝ ਦਿਨ ਪਹਿਲਾਂ ਪਾਕਿਸਤਾਨੀ ਰੇਂਜਰਸ ਵਲੋਂ ਇਕ ਬਜ਼ੁਰਗ ਬੀ. ਐੱਸ. ਐੱਫ. ਨੂੰ ਸੌਂਪਿਆ ਗਿਆ ਹੈ। ਪਤਾ ਲੱਗਾ ਹੈ ਕਿ ਉਹ ਪਿਛਲੇ 15 ਸਾਲਾਂ ਤੋਂ ਲਾਪਤਾ ਸੀ ਅਤੇ ਭੁਲੇਖੇ ਨਾਲ ਪਾਕਿਸਤਾਨ ਪਹੁੰਚ ਗਿਆ ਸੀ। ਹਾਲਾਂਕਿ ਪਾਕਿ ਰੇਂਜਰਸ ਵਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਸ ਨੂੰ ਕੁਝ ਦਿਨ ਪਹਿਲਾਂ ਰਾਵੀ ਦਰਿਆ ਦੇ ਰਸਤੇ ਪਾਕਿਸਤਾਨ ‘ਚ ਘੁਸਪੈਠ ਕਰਦੇ ਫੜਿਆ ਗਿਆ ਸੀ। BSF ਨੂੰ ਇਸ ਦਾਅਵੇ ‘ਤੇ ਸ਼ੱਕ ਹੈ, ਉਥੇ ਵਤਨ ਵਾਪਸ ਪਰਤੇ ਬਜ਼ੁਰਗ ਨਾਲ ਵੀ ਸੁਰੱਖਿਆ ਏਜੰਸੀਆਂ ਨੇ ਤਿੰਨ ਦਿਨ ਤਕ ਪੁੱਛਗਿਛ ਕੀਤੀ। ਸਰੀਰ ‘ਤੇ ਮੌਜੂਦ ਨਿਸ਼ਾਨ ਅਤੇ ਉਸ ਦੀ ਦਿਮਾਗੀ ਹਾਲਤ ਇਸ ਗੱਲ ਵਲ ਇਸ਼ਾਰਾ ਕਰ ਰਹੀਆਂ ਹਨ ਕਿ ਉਸ ਨੂੰ ਤਸੀਹੇ ਦਿੱਤੇ ਜਾਂਦੇ ਸਨ। ਬੀ. ਐੱਸ. ਐੱਫ. ਵਲੋਂ ਕੱਢੀ ਗਈ ਜਾਣਕਾਰੀ ਤੋਂ ਬਾਅਦ ਉਸ ਦਾ ਪਰਿਵਾਰ ਉਸ ਨੂੰ ਲੈਣ ਲਈ ਜਲਦ ਹੀ ਅੰਮ੍ਰਿਤਸਰ ਆ ਰਿਹਾ ਹੈ।
ਬਜ਼ੁਰਗ ਦੀ ਪਛਾਣ 60 ਸਾਲਾ ਰਾਮਚੰਦਰ ਵਜੋਂ ਹੋਈ ਹੈ. ਉਹ ਬਿਹਾਰ ਦੇ ਨਵਾਦਾ ਜਿਲ੍ਹੇ ਦੇ ਪਿੰਡ ਪਵਾਜੀਪੁਰ ਦਾ ਰਹਿਣ ਵਾਲਾ ਹੈ। ਪਰਿਵਾਰ ਨਾਲ ਸੰਪਰਕ ਕਰਨ ‘ਤੇ ਪਤਾ ਲੱਗਾ ਕਿ ਉਹ ਪਿਛਲੇ 15 ਸਾਲਾਂ ਤੋਂ ਲਾਪਤਾ ਹੈ। ਉਸ ਦੇ ਤਿੰਨ ਬੇਟੇ ਤੇ ਦੋ ਬੇਟੀਆਂ ਹਨ। ਜਿਸ ਸਮੇਂ ਰਾਮਚੰਦਰ ਲਾਪਤਾ ਹੋਇਆ ਉਸ ਦਾ ਛੋਟਾ ਬੇਟਾ ਸਿਰਫ ਦੋ ਮਹੀਨੇ ਦਾ ਸੀ। BSF ਦੇ ਗੁਰਦਾਸਪੁਰ ਸੈਕਟਰ ਦੇ ਡੀ. ਆਈ. ਜੀ. ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਕੁਝ ਸਮੇਂ ਪਹਿਲਾਂ ਕਲਾਨੌਰ ਖੇਤਰ ‘ਚ ਕੌਮਾਂਤੀਰ ਸਰਹੱਦ ‘ਤੇ ਤਾਇਨਾਤ BSF ਦੀ 89 ਬਟਾਲੀਅਨ ਨਾਲ ਫਲੈਗ ਮੀਟਿੰਗ ‘ਚ ਪਾਕਿ ਰੇਂਜਰਸ ਨੇ ਭਾਰਤੀ ਬਜ਼ੁਰਗ ਦੇ ਫੜੇ ਜਾਣ ਦੀ ਜਾਣਕਾਰੀ ਦਿੱਤੀ ਸੀ।
ਹੁਣ 3 ਦਿਨ ਪਹਿਲਾਂ ਹੀ ਪਾਕਿ ਰੇਂਜਰਸ ਵਲੋਂ ਰਾਮਚੰਦਰ ਯਾਦਵ ਨੂੰ ਅਟਾਰੀ ਬਾਰਡਰ ‘ਤੇ 89 ਬਟਾਲੀਅਨ ਨੂੰ ਸੌਂਪਿਆ ਗਿਆ ਹੈ। ਪੁੱਛਗਿਛ ਤੋਂ ਬਾਅਦ ਉਸ ਨੂੰ ਪੁਲਿਸ ਨੂੰ ਸੌਂਪ ਦਿੱਤਾ ਗਿਆ। BSF ਅਧਿਕਾਰੀ ਮੁਤਾਬਕ ਰਾਮਚੰਦਰ ਦੀ ਮਾਨਸਿਕ ਹਾਲਤ ਠੀਕ ਨਹੀਂ ਹੈ। ਲੱਗਦਾ ਹੈ ਕਿ ਉਹ ਲੰਬੇ ਸਮੇਂ ਤੋਂ ਪਾਕਿ ਰੇਂਜਰਾਂ ਦੇ ਕਬਜ਼ੇ ‘ਚ ਸੀ। ਉਸ ਦੇ 6 ਦੰਦੇ ਕੱਢੇ ਗਏ ਹਨ। ਹੱਥਾਂ ਤੇ ਪੈਰਾਂ ‘ਤੇ ਕਿਸੇ ਚੀਜ਼ ਨਾਲ ਜਲਾਏ ਜਾਣ ਦੇ ਨਿਸ਼ਾਨ ਵੀ ਹੈ। ਹਾਲਾਂਕਿ ਹੁਣ ਤਕ ਇਹ ਪਤਾ ਨਹੀਂ ਲੱਗ ਸਕਿਆ ਹੈ ਰਾਮਚੰਦਰ ਕਦੋਂ ਅਤੇ ਕਿਵੇਂ ਪਾਕਿਸਤਾਨ ਪਹੁੰਚਿਆ। ਬੀ. ਐੱਸ. ਐੱਫ. ਨੂੰ ਪਾਕਿ ਰੇਂਜਰਾਂ ਦੇ ਦਾਅਵੇ ‘ਤੇ ਸ਼ੱਕ ਹੈ ਕਿ ਰਾਮਚੰਦਰ ਨੂੰ ਕੁਝ ਦਿਨ ਪਹਿਲਾਂ ਰਾਵੀ ਦਰਿਆ ਦੇ ਰਸਤੇ ਪਾਕਿਸਤਾਨ ‘ਚ ਘੁਸਪੈਠ ਕਰਦੇ ਫੜਿਆ ਗਿਆ ਸੀ।