Ferozepur’s Udhampur-Srinagar : ਰੇਲ ਡਵੀਜ਼ਨ ਫਿਰੋਜ਼ਪੁਰ ਦਾ ਊਧਮਪੁਰ-ਸ਼੍ਰੀਨਗਰ-ਬਾਰਾਮੂਲਾ ਦੇ ਵਿਚ ਰੇਲ ਲਾਈਨ ਵਿਛਾਉਣ ਦਾ ਸਭ ਤੋਂ ਵੱਡਾ ਪ੍ਰਾਜੈਕਟ ਹੈ ਜਿਸ ‘ਤੇ ਕਈ ਸਾਲਾਂ ਤੋਂ ਕੰਮ ਚੱਲ ਰਿਹਾ ਹੈ। ਇਹ ਪ੍ਰਾਜੈਕਟ ਆਪਣੇ ਆਖਰੀ ਪੜਾਅ ਤਕ ਪੁੱਜ ਚੁਕਾ ਹੈ। ਇਸ ਪ੍ਰਾਜੈਕਟ ਨੂੰ ਸਾਲ 2022 ਤਕ ਪੂਰਾ ਕੀਤਾ ਜਾਣਾ ਹੈ। ਇਸ ਪ੍ਰਾਜੈਕਟ ਨੂੰ ਲੈ ਕੇ ਜੰਮੂ ‘ਚ ਰੇਲਵੇ ਬੋਰਡ ਦੇ ਚੇਅਰਮੈਨ ਵਿਨੋਦ ਕੁਮਾਰ ਯਾਦਵ ਅਤੇ ਜੰਮੂ-ਕਸ਼ਮੀਰ ਦੇ ਲੈਫਟੀਨੈਂਟ ਗਵਰਨਰ ਮਨੋਜ ਸਿਨ੍ਹਾ ਦੇ ਨਾਲ ਬੈਠਕ ਹੋਈ। ਕੋਵਿਡ-19 ਦੇ ਕਾਰਨ ਪ੍ਰਾਜੈਕਟ ‘ਤੇ ਚੱਲ ਰਹੇ ਕੰਮ ਦੀ ਰਫਤਾਰ ਥੋੜ੍ਹੀ ਹੌਲੀ ਹੋ ਗਈ ਸੀ।
ਡੀ. ਆਰ. ਐੱਮ. ਅਗਰਵਾਲ ਨੇ ਦੱਸਿਆ ਕਿ ਊਧਮਪੁਰ-ਸ਼੍ਰੀਨਗਰ-ਬਾਰਾਮੂਲਾ ਵਿਚ ਚਿਨਾਬ ਨਦੀ ਪੈਂਦੀ ਹੈ ਜਿਸ ‘ਤੇ ਸਭ ਤੋਂ ਉੱਚੇ ਪੁਲ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਚਿਨਾਬ ਪੁਲ ਦਾ ਕੰਮ 2021 ‘ਚ ਪੂਰਾ ਹੋਣ ਦੀ ਸੰਭਾਵਨਾ ਹੈ ਤੇ ਇਹ ਰੇਲ ਪ੍ਰਾਜੈਕਟ 2024 ਤਕ ਪੂਰਾ ਕੀਤਾ ਜਾਣਾ ਹੈ। ਇਸ ਯੋਜਨਾ ਅਧੀਨ ਕਟੜਾ ਅਤੇ ਬਨਿਹਾਲ ਵਿਚ ਵਿਛਾਈ ਜਾ ਰਹੀ ਰੇਲ ਲਾਈਨ ਦਾ ਕੰਮ ਸਭ ਤੋਂ ਮੁਸ਼ਕਲ ਹੈ ਕਿਉਂਕਿ ਇਹ ਰੇਲ ਲਾਈਨ ਕਾਫੀ ਮੁਸ਼ਕਲ ਰਸਤਿਆਂ ਤੋਂ ਹੋ ਕੇ ਲੰਘਦੀ ਹੈ। ਰੇਲਵੇ ਬੋਰਡ ਦੇ ਚੇਅਰਮੈਨ ਵਿਨੋਦ ਕੁਮਾਰ ਯਾਦਵ ਨੇ ਹੋਰ ਅਧਿਕਾਰੀਆਂ ਨਾਲ ਬੈਠਕ ਕੀਤੀ ਅਤੇ ਪ੍ਰਾਜੈਕਟ ‘ਚ ਆਉਣ ਵਾਲੀਆਂ ਰੁਕਾਵਟਾਂ ਬਾਰੇ ਵਿਚਾਰ-ਚਰਚਾ ਕੀਤੀ ਤਾਂ ਜੋ ਇਸ ਪ੍ਰਾਜੈਕਟ ਨੂੰ ਜਲਦ ਹੀ ਪੂਰਾ ਕੀਤਾ ਜਾ ਸਕੇ।
ਇਸ ਮੌਕੇ ਉੱਤਰ ਰੇਲਵੇ ਦੇ ਮਹਾਪ੍ਰਬੰਧਕ ਰਾਜੀਵ ਚੌਧਰੀ, ਮੰਡਲ ਰੇਲ ਪ੍ਰਬੰਧਕ, ਫਿਰੋਜ਼ਪੁਰ ਰਾਜੇਸ਼ ਅਗਰਵਾਲ, ਪ੍ਰਿੰਸੀਪਲ ਮੁੱਖ ਇੰਜੀਨੀਅਰ ਆਰ. ਸੀ. ਠਾਕੁਰ, ਪ੍ਰਿੰਸੀਪਲ ਮੁੱਖ ਸੰਚਾਲਕ ਪ੍ਰਬੰਧਕ ਰਾਜੀਵ ਸਕਸੈਨਾ, ਮੁੱਖ ਪ੍ਰਸ਼ਾਸਨਿਕ ਅਧਿਕਾਰੀ ਸੀ. ਏ. ਕੇ. ਲਾਹੋਟੀ, ਉਪ ਮੰਡਲ ਰੇਲ ਪ੍ਰਬੰਧਕ, ਜੰਮੂ ਰਮਣੀਕ ਸਿੰਘ ਤੇ ਹੋਰ ਅਧਿਕਾਰੀ ਹਾਜ਼ਰ ਸਨ। ਸਾਰੇ ਅਧਿਕਾਰੀਆਂ ਦਾ ਪਹਿਲਾਂ ਕੋਰੋਨਾ ਟੈਸਟ ਹੋਇਆ ਸੀ ਤੇ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਹੀ ਉਹ ਬੈਠਕ ‘ਚ ਸ਼ਾਮਲ ਹੋਏ ਸਨ।