Man arrested for :ਅੰਮ੍ਰਿਤਸਰ : ਸ੍ਰੀ ਅਕਾਲ ਤਖਤ ਸਾਹਿਬ ਦੇ ਬਾਹਰ ਰੈਫਰੈਂਡਮ-2020 ਦੀ ਸਫਲਤਾ ਲਈ ਅਰਦਾਸ ਕਰਨ ਦੀ ਕੋਸ਼ਿਸ਼ ਕਰਦੇ ਹੋਏ ਸੁਰੱਖਿਆ ਏਜੰਸੀਆਂ ਨੇ ਇਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ। ਫੜਿਆ ਗਿਆ ਵਿਅਕਤੀ ਦੁਨੀਆ ਭਰ ‘ਚ ਖਾਲਿਸਤਾਨ ਲਈ ਪ੍ਰਚਾਰ ਕਰ ਰਹੇ ਅੱਤਵਾਦੀ ਸੰਗਠਨ ਸਿੱਖ ਫਾਰ ਜਸਟਿਸ ਦਾ ਸਮਰਥਕ ਦੱਸਿਆ ਜਾ ਰਿਹਾ ਹੈ। ਸ੍ਰੀ ਹਰਿਮੰਦਰ ਸਾਹਿਬ ਦੇ ਹਾਲ ‘ਚ ਪਿਛਲੇ 2 ਦਿਨਾਂ ਤੋਂ ਸਿਵਲ ਕੱਪੜਿਆਂ ‘ਚ ਤਾਇਨਾਤ ਪੁਲਿਸ ਮੁਲਾਜ਼ਮਾਂ ਨੇ ਦੋਸ਼ੀ ਨੂੰ ਉਸ ਸਮੇਂ ਫੜ ਲਿਆ ਜਦੋਂ ਉਹ ਐਤਵਾਰ ਸਵੇਰੇ ਲਗਭਗ 5.30ਵਜੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜ੍ਹੇ ਹੋ ਕੇ ਖਾਲਿਸਤਾਨ ਰੈਫਰੈਂਡਮ ਦੀ ਸਫਲਤਾ ਲਈ ਅਰਦਾਸ ਕਰਨ ਦੀ ਕੋਸ਼ਿਸ਼ ਕਰਨ ਲੱਗਾ।
ਪਰਿਕਰਮਾ ਕਰਦੇ ਹੋਏ ਉਥੇ ਮੌਜੂਦ SGPC ਦੇ ਸੂਤਰਾਂ ਦਾ ਕਹਿਣਾ ਹੈ ਕਿ ਦੋਸ਼ੀ ਨੇ ਅਰਦਾਸ ਦੌਰਾਨ ਆਪਣਾ ਮੋਬਾਈਲ ਫੋਨ ਕੱਢ ਕੇ ਵੀਡੀਓ ਵੀ ਬਣਾਉਣ ਦੀ ਕੋਸ਼ਿਸ਼ ਕੀਤੀ ਜਿਵੇਂ ਹੀ ਉਸ ਨੇ ਵੀਡੀਓ ਬਣਾਈ ਉਥੇ ਤਾਇਨਾਤ ਸੁਰੱਖਿਆ ਏਜੰਸੀਆਂ ਦੇ ਕਰਮਚਾਰੀਆਂ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਦੋਸ਼ੀ ਦੀ ਪਛਾਣ ਗੁਰਮੀਤ ਸਿੰਘ ਨਿਵਾਸੀ ਤਰਨਤਾਰਨ ਦੇ ਰੂਪ ‘ਚ ਹੋਈ ਹੈ। ਉਹ ਜਿਲ੍ਹਾ ਕਪੂਰਥਲਾ ‘ਚ ਰਹਿ ਰਿਹਾ ਹੈ। ਦੋਸ਼ੀ ਇਕ ਗ੍ਰੰਥੀ ਦੱਸਿਆ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਉਹ 5000 ਡਾਲਰ ਦੇ ਲਾਲਚ ‘ਚ ਅਰਦਾਸ ਕਰਨ ਆਇਆ ਸੀ। ਕੁਝ ਦਿਨ ਪਹਿਲਾਂ ਗੁਰਪਤਵੰਤ ਸਿੰਘ ਪੰਨੂੰ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ ਜਿਸ ‘ਚ ਕਿਹਾ ਗਿਆ ਸੀ ਕਿ ਜੋ ਗ੍ਰੰਥੀ 23 ਅਗਸਤ ਨੂੰ ਸ੍ਰੀ ਅਕਾਲ ਤਖਤ ਸਾਹਿਬ ‘ਤੇ ਖਾਲਿਸਤਾਨ ਰਿਫਰੈਂਡਮ 2020 ਦੀ ਅਰਦਾਸ ਕਰੇਗਾ, ਉਸ ਨੂੰ 50,000 ਡਾਲਰ ਇਨਾਮ ਵਜੋਂ ਦਿੱਤੇ ਜਾਣਗੇ। ਡੀ. ਜੀ. ਪੀ. ਨੇ ਪੰਜਾਬ ਦੇ ਸਾਰੇ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਦਿੱਤੀਆਂ ਹਨ ਕਿ ਫੜੇ ਗਏ ਵਿਅਕਤੀ ਦੇ ਸਬੰਧ ਵਿਚ ਕੋਈ ਵੀ ਸੂਚਨਾ ਕਿਸੇ ਨੂੰ ਨਾ ਦਿੱਤੀ ਜਾਵੇ।
ਦੂਜੇ ਪਾਸੇ ਸਿੱਖ ਫਾਰ ਜਸਟਿਸ ਨਾਂ ਦੇ ਅੱਤਵਾਦੀ ਸੰਗਠਨ ਵਲੋਂ ਆਪਣੀ ਵੈੱਬਸਾਈਟ ‘ਤੇ ਇਕ ਵੀਡੀਓ ਅੱਜ ਹੀ ਦੁਪਿਹਰ ਨੂੰ ਅਪਲੋਡ ਕੀਤੀ ਗਈ ਹੈ ਜਿਸ ‘ਚ ਸਵੇਰ ਦੀ ਅਰਦਾਸ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਦੀ ਲਾਈਵ ਰਿਕਾਰਡਿੰਗ ਦਿਖਾਈ ਗਈ ਹੈ। ਇਸ ਦੌਰਾਨ ਅਰਦਾਸ ਦੇ ਅਖੀਰ ‘ਚ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਵੀ ਲਗਾਏ ਜਾਂਦੇ ਹਨ। ਸਿੱਖ ਫਾਰ ਜਸਟਿਸ ਦੀ ਇਸ ਕਾਰਵਾਈ ਨੂੰ ਮੁੱਖ ਰੱਖਦੇ ਹੋਏ ਸੁਰੱਖਿਆ ਏਜੰਸੀਆਂ ਵਲੋਂ ਪਹਿਲਾਂ ਹੀ ਸਖਤ ਸੁਰੱਖਿਆ ਪ੍ਰਬੰਧ ਹਰਿਮੰਦਰ ਸਾਹਿਬ ਵਿਖੇ ਕੀਤੇ ਗਏ ਸਨ। ਉਥੇ ਹਰਿਮੰਦਰ ਸਾਹਿਬ ਵਿਖੇ 500 ਤੋਂ ਵਧ ਸੁਰੱਖਿਆ ਮੁਲਾਜ਼ਮ ਸਿਵਲ ਕੱਪੜਿਆਂ ‘ਚ ਤਾਇਨਾਤ ਕੀਤੇ ਗਏ ਸਨ ਤਾਂ ਜੋ ਕੋਈ ਖਾਲਿਸਤਾਨ ਸਮਰਥਕ ਸਿੱਖ ਫਾਰ ਜਸਟਿਸ ਦੀ ਕਾਲ ‘ਤੇ ਅਰਦਾਸ ਕਰਕੇ ਵੀਡੀਓ ਵਾਇਰਲ ਨਾ ਕਰ ਸਕੇ।