Haryana Sikh Gurdwara : ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲਾ ਨੇ ਸੋਮਵਾਰ ਨੂੰ ਬਠਿੰਡਾ ਦੇ ਤਲਵੰਡੀ ਸਾਬੋ ਸਥਿਤ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਏ। ਉਨ੍ਹਾਂ ਨੇ ਅੱਜ ਇਥੇ ਜਥੇਦਾਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਅਸਤੀਫਾ ਦਿੰਦੇ ਹੋਏ ਸਰਬਤ ਖਾਲਸਾ ਤੋਂ ਬੇਨਤੀ ਕੀਤੀ ਹੈ ਕਿ ਉਨ੍ਹਾਂ ਦੀ ਜਗ੍ਹਾ ਕਿਸੇ ਹੋਰ ਨੂੰ ਜਥੇਦਾਰੀ ਦੇ ਦਿੱਤੀ ਜਾਵੇ। ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਹੁਣੇ ਜਿਹੇ 13 ਅਗਸਤ ਨੂੰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣੇ ਸਨ।
ਸਾਲ 2014 ‘ਚ ਕਾਂਗਰਸ ਸਰਕਾਰ ਦੇ ਕਾਰਜਕਾਲ ‘ਚ ਕਾਫੀ ਵਿਵਾਦਾਂ ਤੋਂ ਬਾਅਦ ਹਰਿਆਣਾ ਵਿਧਾਨ ਸਭਾ ‘ਚ ਬਣੇ ਐਕਟ ਤੋਂ ਬਾਅਦ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਬਣੀ ਸੀ। ਪਹਿਲਾਂ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਬਣੇ ਸਨ। ਇਸ ਕਮੇਟੀ ਨੇ ਹਰਿਆਣਾ ਦੇ 53 ਇਤਿਹਾਸਕ ਗੁਰਦੁਆਰਿਆਂ ‘ਚੋਂ 5 ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਸੀ। ਇਸ ਤੋਂ ਬਾਅਦ ਅੰਮ੍ਰਿਤਸਰ ਤੋਂ ਚੱਲ ਰਹੀ ਸ਼੍ਰੋਮਣੀ ਗੁਰਦੁਆਰਾ ਕਮੇਟੀ ਸੁਪਰੀਮ ਕੋਰਟ ਚਲੀ ਗਈ। ਉਦੋਂ ਤੋਂ ਇਹ ਮਾਮਲਾ ਸੁਪਰੀਮ ਕੋਰਟ ‘ਚ ਵਿਚਾਰਅਧੀਨ ਹੈ।
ਕਮੇਟੀ ਦੇ ਪਹਿਲੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ ਬੀਤੇ ਦਿਨੀਂ ਅਸਤੀਫਾ ਦੇ ਕੇ ਬਲਜੀਤ ਸਿੰਘ ਦਾਦੂਵਾਲ ਨੂੰ ਕਾਰਜਕਾਰੀ ਪ੍ਰਧਾਨ ਬਣਾਇਆ ਸੀ। ਇਸ ਤੋਂ ਬਾਅਦ ਇਹ ਚੋਣਾਂ ਹੋਈਆਂ ਤਾਂ ਬਲਜੀਤ ਸਿੰਘ ਦਾਦੂਵਾਲ ਦਾ ਮੁਕਾਬਲਾ ਝੀਂਡਾ ਗਰੁੱਪ ਦੇ ਜਸਬੀਰ ਸਿੰਘ ਖਾਲਸਾ ਨਾਲ ਸੀ।