Mission in Punjab : ਕੁਝ ਦਿਨ ਪਹਿਲਾਂ ਮੁੱਖ ਮੰਤਰੀ ਵਲੋਂ ਜ਼ਹਿਰੀਲੇ ਕੀਟਨਾਸ਼ਕਾਂ ਦੇ ਇਸਤੇਮਾਲ ‘ਤੇ ਬੈਨ ਲਗਾਇਆ ਗਿਆ ਸੀ ਜਿਸ ਦਾ ਅਸਰ ਹੁਣ ਦਿਖਾਈ ਦੇਣ ਲੱਗਾ ਹੈ। ਪੰਜਾਬ ਵਿਚ ਹੁਣ ਸਿਹਤ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੀਟਨਾਸ਼ਕਾਂ ਦਾ ਫਸਲਾਂ ‘ਚ 18 ਫੀਸਦੀ ਘੱਟ ਇਸਤੇਮਾਲ ਹੋ ਰਿਹਾ ਹੈ। 2018 ਦੇ ਮੁਕਾਬਲੇ 2019 ‘ਚ 675 ਮੀਟਰਕ ਟਨ ਕੀਟਨਾਸ਼ਕਾਂ ਦੀ ਘੱਟ ਵਿਕਰੀ ਹੋਈ ਹੈ। ਇਸ ਨਾਲ ਕੀਟਨਾਸ਼ਕ ਦਵਾਈਆਂ ਦੇ ਕਾਰੋਬਾਰ ਨੂੰ 355 ਕਰੋੜ ਰੁਪਏ ਦੇ ਨੁਕਸਾਨ ਦਾ ਅੰਦਾਜ਼ਾ ਹੈ। ਸੂਬਾ ਸਰਕਾਰ ਵਲੋਂ ਹਰ ਸਾਲ ਕੀਟਨਾਸ਼ਕ ਦਵਾਈਆਂ ਖਿਲਾਫ ਮਿਸ਼ਨ ਤੰਦਰੁਸਤ ਚਲਾਇਆ ਜਾ ਰਿਹਾ ਹੈ। ਇਸ ਤਹਿਤ ਸੂਬੇ ਭਰ ਦੀਆਂ ਦੁਕਾਨਾਂ ਦਾ ਨਿਰੀਖਣ ਕੀਤਾ ਜਾ ਰਿਹਾ ਹੈ।
ਖੇਤੀ ਵਿਭਾਗ ਵਲੋਂ ਫਸਲਾਂ ‘ਚ ਕੀਟਨਾਸ਼ਕ ਦੇ ਇਸਤੇਮਾਲ ਨਾਲ ਸਿਹਤ ਨੂੰ ਹੋਣ ਵਾਲੇ ਨੁਕਸਾਨ ਨੂੰ ਲੈ ਕੇ ਜਾਗਰੂਕ ਕੀਤਾ ਜਾ ਰਿਹਾ ਹੈ ਜਿਸ ਦੇ ਨਤੀਜੇ ਹੁਣ ਸਾਹਮਣੇ ਆਉਣ ਲੱਗੇ ਹਨ। ਦੋ ਸਾਲਾਂ ਦੇ ਅੰਕੜੇ ਦੇਖੇ ਜਾਣ ਤਾਂ ਸੂਬੇ ‘ਚ 18 ਫੀਸਦੀ ਕੀਟਨਾਸ਼ਕ ਦਵਾਈਆਂ ਦਵਾਈਆਂ ਦਾ ਇਸਤੇਮਾਲ ਘੱਟ ਹੋਇਆ ਹੈ।ਮਿਸ਼ਨ ਤਹਿਤ ਕੀਟਨਾਸ਼ਕ ਦੀਆਂ ਦੁਕਾਨਾਂ ਦੇ ਚੰਗੇ ਨਤੀਜੇ ਸਾਹਮਣੇ ਆਏ ਹਨ। ਕੀਟਨਾਸ਼ਕ ਦਵਾਈਆਂ ਦੇ ਫੇਲ ਹੋਏ ਨਮੂਨਿਆਂ ਦੀ ਦਰ ਘੱਟ ਕੇ ਸਾਲ 2017-18 ‘ਚ 4.51 ਫੀਸਦੀ, ਸਾਲ 2018-19 ‘ਚ 2.89 ਫੀਸਦੀ ਤੇ ਸਾਲ 2019-20 ‘ਚ 2.44 ਫੀਸਦੀ ਰਹਿ ਗਈ ਹੈ। ਇਹ ਪਿਛਲੇ ਸਾਲਾਂ ਦੌਰਾਨ ਐਗਰੋਕੈਮੀਕਲ ਦੀ ਗੁਣਵੱਤਾ ‘ਚ ਸੁਧਾਰ ਦਾ ਸਪੱਸ਼ਟ ਸੰਕੇਤ ਹੈ।
PGIMER ਚੰਡੀਗੜ੍ਹ ਦੇ 2005 ‘ਚ ਹੋਏ ਅਧਿਐਨ ਨੇ ਸਾਬਤ ਕੀਤਾ ਸੀ ਕਿ ਬਠਿੰਡਾ ਦੇ ਤਲਵੰਡੀ ਬਲਾਕ ਵਿਚ ਟੂਟੀਆਂ ਤੇ ਜ਼ਮੀਨ ਦੇ ਅੰਦਰ ਦੋਵੇਂ ਹੀ ਤਰ੍ਹਾਂ ਦੇ ਪਾਣੀ ਦੀ ਹੈਪਟਾਕਲੋਰ ਦੀ ਮਾਤਰਾ ਲੋੜ ਤੋਂ ਵਧ ਸੀ। ਅਜਿਹੇ ਕਈ ਮਾਮਲੇ ਹੋਰਨਾਂ ਜਿਲ੍ਹਿਆਂ ਤੋਂ ਵੀ ਸਾਹਮਣੇ ਆਏ ਸਨ ਜਿਨ੍ਹਾਂ ‘ਚ ਹਜ਼ਾਰਾਂ ਲੋਕ ਕੀਟਨਾਸ਼ਕਾਂ ਕਾਰਨ ਕੈਂਸਰ ਦੀ ਲਪੇਟ ‘ਚ ਆਏ ਸਨ। ਸੂਬੇ ਲਈ ਲੋਕਾਂ ਦੀ ਸਿਹਤ ਸਭ ਤੋਂ ਉਪਰ ਹੈ। ਸਰਕਾਰ ਇਸੇ ਉਦੇਸ਼ ਨੂੰ ਲੈ ਕੇ ਮਿਸ਼ਨ ਤੰਦਰੁਸਤ ਚਲਾ ਰਹੀ ਹੈ। ਹੁਣ ਇਸ ਦੇ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ।