Jathedar orders action : ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ‘ਚ ਕਈ ਅਹਿਮ ਮਾਮਲਿਆਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਉਥੇ ਗਾਇਬ ਹੋਏ ਪਾਵਨ ਸਰੂਪਾਂ ਦਾ ਮੁੱਦਾ ਵੀ ਚੁੱਕਿਆ ਗਿਆ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਪ੍ਰੈੱਸ ਨੋਟ ਜਾਰੀ ਕਰਕੇ ਦੱਸਿਆ ਗਿਆ ਕਿ 267 ਪਾਵਨ ਸਰੂਪਾਂ ਸਬੰਧੀ ਆਈ 1000 ਪੰਨਿਆਂ ਦੀ ਰਿਪੋਰਟ ‘ਚ ਇਹ ਗੱਲ ਸਾਹਮਣੇ ਆਈ ਕਿ ਲੈਜਰ ਰਿਕਾਰਡ ‘ਚ ਵਾਰ-ਵਾਰ ਕਟਿੰਗ ਅਤੇ ਛੇੜਛਾੜ ਕੀਤੀ ਗਈ ਹੈ। ਨਾਲ ਹੀ ਉਨ੍ਹਾਂ ਦੱਸਿਆ ਕਿ 2015 ‘ਚ 267 ਨਹੀਂ 328 ਸਰੂਪ ਘੱਟ ਸਨ, ਜਿਸ ਤੋਂ ਬਾਅਦ ਸਿੰਘ ਸਾਹਿਬਾਨ ਨੇ ਫ਼ੈਸਲੇ ਵਿਚ ਸ਼੍ਰੋਮਣੀ ਕਮੇਟੀ ਦੀ ਅੰਤਰਿਮ ਕਮੇਟੀ ਅਤੇ 2016 ਦੇ ਮੁੱਖ ਸਕੱਤਰ ਹਰਚਰਨ ਸਿੰਘ ਨੂੰ ਮੰਗਲਵਾਰ ਸਵੇਰੇ 10 ਵਜੇ ਸ੍ਰੀ ਅਕਾਲ ਤਖਤ ਵਿਖੇ ਪੇਸ਼ ਹੋਣ ਦੇ ਹੁਕਮ ਦਿੱਤੇ ਹਨ।
ਉਨ੍ਹਾਂ ਪਾਵਨ ਸਰੂਪਾਂ ਨਾਲ ਕੀਤੀ ਗਈ ਛੇੜਛਾੜ ਨੂੰ ਮੰਨਦੇ ਹੋਏ SGPC ਨੂੰ ਇਕ ਹਫਤੇ ਅੰਦਰ ਬੈਠਕ ਬੁਲਾਕੇ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਨੂੰ ਵੀ ਕਿਹਾ ਹੈ। ਉੱਥੇ ਹੀ ਕੈਨੇਡਾ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਛਪਾਈ ਕਰਨ ਵਾਲੇ ਰਿਪੁਦਮਨ ਸਿੰਘ ਅਤੇ ਬਲਵੰਤ ਸਿੰਘ ਪੰਧੇਰ ਨੂੰ ਇੱਕ ਮਹੀਨੇ ਦੇ ਅੰਦਰ-ਅੰਦਰ ਸ੍ਰੀ ਅਕਾਲ ਤਖਤ ਨੂੰ ਆਪਣਾ ਸਪਸ਼ਟੀਕਰਨ ਦੇਣ ਲਈ ਕਿਹਾ ਗਿਆ ਹੈ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਬਹੁਤ ਵੱਡੀ ਅਣਗਹਿਲੀ ਦਾ ਮਾਮਲਾ ਹੈ, ਜਿਸ ਦੀ ਜਲਦ ਤੋਂ ਜਲਦ ਜਾਂਚ ਕੀਤੀ ਜਾਣੀ ਚਾਹੀਦੀ ਹੈ।
ਪਾਵਨ ਸਰੂਪਾਂ ਦੇ ਘੱਟ ਜਾਣ ਸਬੰਧੀ ਜਾਂਚ ਦੀ ਜ਼ਿੰਮੇਵਾਰੀ ਐਡਵੋਕੇਟ ਈਸ਼ਰ ਸਿੰਘ ਨੂੰ ਸੌਂਪੀ ਗਈ ਸੀ। ਉਨ੍ਹਾਂ ਦੀ ਸਹਾਇਤਾ ਲਈ ਦੋ ਹੋਰ ਮੈਂਬਰ ਟੀਮ ਵਿਚ ਸ਼ਾਮਲ ਕੀਤੇ ਗਏ ਸਨ ਅਤੇ ਜਾਂਚ ਵਾਸਤੇ ਇਕ ਮਹੀਨੇ ਦਾ ਸਮਾਂ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਇਹ ਜਾਂਚ ਸਾਬਕਾ ਜੱਜ ਜਸਟਿਸ ਨਵਿਤਾ ਸਿੰਘ ਨੂੰ ਸੌਂਪੀ ਗਈ ਸੀ ਅਤੇ ਸਹਾਇਕ ਜਾਂਚਕਰਤਾ ਵਜੋਂ ਤੇਲੰਗਾਨਾ ਹਾਈ ਕੋਰਟ ਦੇ ਵਕੀਲ ਈਸ਼ਰ ਸਿੰਘ ਨੂੰ ਜੋੜਿਆ ਗਿਆ ਸੀ। ਜਾਂਚ ਆਰੰਭ ਹੋਣ ਮਗਰੋਂ ਕੁਝ ਦਿਨ ਬਾਅਦ ਹੀ ਜਸਟਿਸ ਨਵਿਤਾ ਸਿੰਘ ਨੇ ਆਪਣਾ ਨਾਂ ਵਾਪਸ ਲੈ ਲਿਆ ਸੀ ਜਿਸ ਮਗਰੋਂ ਇਹ ਜਾਂਚ ਈਸ਼ਰ ਸਿੰਘ ਹਵਾਲੇ ਕੀਤੀ ਗਈ ਸੀ।