Faridkot’s government school : ਫਰੀਦਕੋਟ : ਆਮ ਤੌਰ ‘ਤੇ ਮਾਪਿਆਂ ਦੀ ਵਿਚਾਰਧਾਰਾ ਹੈ ਕਿ ਸਰਕਾਰੀ ਸਕੂਲਾਂ ‘ਚ ਬੱਚਿਆਂ ਨੂੰ ਉਹ ਸਹੂਲਤਾਂ ਨਹੀਂ ਮਿਲਦੀਆਂ ਜੋ ਪ੍ਰਾਈਵੇਟ ਸਕੂਲਾਂ ‘ਚ ਮਿਲਦੀਆਂ ਹਨ ਪਰ ਉਨ੍ਹਾਂ ਦੀ ਇਸ ਵਿਚਾਰਧਾਰਾ ਨੂੰ ਰਾਸ਼ਟਰੀ ਪੁਰਸਕਾਰ ਜੇਤੂ ਰਾਜਿੰਦਰ ਕੁਮਾਰ ਨੇ ਗਲਤ ਸਾਬਤ ਕਰ ਦਿੱਤਾ ਹੈ। ਫਰੀਦਕੋਟ ਦੇ ਪਿੰਡ ਵਾੜਾ ਭਾਈਕਾ ਦਾ ਸਰਕਾਰੀ ਪ੍ਰਾਇਮਰੀ ਸਕੂਲ ਪ੍ਰਾਈਵੇਟ ਸਕੂਲਾਂ ਲਈ ਮਾਡਲ ਬਣ ਗਿਆ ਹੈ। ਪਹਿਲਾਂ ਇਹ ਆਮ ਸਕੂਲਾਂ ਵਾਂਗ ਸੀ ਤੇ ਇਥੇ ਬਹੁਤ ਘੱਟ ਗਿਣਤੀ ਵਿਚ ਬੱਚੇ ਪੜ੍ਹਨ ਲਈ ਆਉਂਦੇ ਸਨ ਪਰ ਅਧਿਆਪਕ ਰਾਜਿੰਦਰ ਕੁਮਾਰ ਦੇ ਆਉਣ ਤੋਂ ਬਾਅਦ ਸਕੂਲ ਦੇ ਹਾਲਾਤ ਬਦਲੇ। ਉਨ੍ਹਾਂ ਨੇ ਸਿੱਖਿਆ ਦੇ ਫਾਰਮੂਲੇ ਨਾਲ ਸਕੂਲ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ।
ਰਾਜਿੰਦਰ ਕੁਮਾਰ ਨੇ ਫੈਸਲਾ ਕੀਤਾ ਸੀ ਕਿ ਉਹ ਬਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਰਗੀਆਂ ਸਹੂਲਤਾਂ ਦੇਣਗੇ। ਇਸ ਲਈ ਉਨ੍ਹਾਂ ਨੇ ਪਹਿਲਾਂ ਪ੍ਰਾਈਵੇਟ ਸਕੂਲਾਂ ‘ਚ ਦਿੱਤੀ ਜਾ ਰਹੀਆਂ ਸਹੂਲਤਾਂ ਦਾ ਅਧਿਐਨ ਕੀਤਾ ਤੇ ਅਜਿਹਾ ਫਾਰਮੂਲਾ ਬਣਾਇਆ ਜਿਸ ਨਾਲ ਬਹੁਤ ਘੱਟ ਲਾਗਤ ‘ਚ ਪ੍ਰਾਈਵੇਟ ਸਕੂਲਾਂ ਵਰਗੀਆਂ ਸਹੂਲਤਾਂ ਦਿੱਤੀਆਂ ਜਾ ਸਕਣ। ਹੁਣ ਇਹ ਸਕੂਲ ਪ੍ਰਾਈਵੇਟ ਸਕੂਲਾਂ ਨੂੰ ਵੀ ਮਾਤ ਦੇਣ ਲੱਗਾ ਹੈ ਤੇ ਇਥੇ ਬੱਚਿਆਂ ਦੀ ਗਿਣਤੀ ਵੀ ਦੁੱਗਣੀ ਹੋ ਗਈ ਹੈ। ਉਨ੍ਹਾਂ ਦੇ ਇਸ ਮਾਡਲ ਨੂੰ ਸੂਬੇ ਦੇ 500 ਸਕੂਲਾਂ ‘ਚ ਲਾਗੂ ਕੀਤਾ ਗਿਆ ਤੇ ਉਹ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਹੋਣ ਵਾਲੇ ਪੰਜਾਬ ਦੇ ਇਕਲੌਤੇ ਅਧਿਆਪਕ ਹਨ।
ਇਥੇ ਬੱਚਿਆਂ ਨੂੰ ਖੇਡ-ਖੇਡ ‘ਚ ਆਧੁਨਿਕ ਸਾਧਨਾਂ ਨਾਲ ਸਿੱਖਿਆ ਦੇਣ ਲਈ ਰਾਜਿੰਦਰ ਕੁਮਾਰ ਨੇ ਪਿੰਡ ਦੇ ਹੋਣਹਾਰ ਲੋਕਾਂ ਦੀ ਮਦਦ ਲਈ। ਸਕੂਲ ‘ਚ ਸਾਊਂਡ ਸਿਸਟਮ ਲਗਾਇਆ ਤੇ ਇਕ ਕਲਾਸ ਨੂੰ ਦੂਜੀ ਕਲਾਸ ਨਾਲ ਕਨੈਕਟ ਕੀਤਾ ਗਿਆ। ਇਸ ਲਈ ਰਾਜਿੰਦਰ ਕੁਮਾਰ ਨੇ ਵਾੜਾ ਭਾਈਕਾ ਦੇ ਹੁਨਰਮੰਦ ਲੋਕਾਂ ਦੀ ਇਕ ਟੀਮ ਬਣਾਈ। ਇਹ ਟੀਮ ਬਹੁਤ ਘੱਟ ਕੀਮਤ ‘ਤੇ ਸਕੂਲਾਂ ਲਈ ਚੀਜ਼ਾਂ ਤਿਆਰ ਕਰਦੇ ਹਨ। ਇਸੇ ਟੀਮ ਨੇ ਸੂਬੇ ਦੇ 500 ਤੋਂ ਵਧ ਸਕੂਲਾਂ ਨੂੰ ਸਾਰਾ ਸਾਮਾਨ ਉਪਲਬਧ ਕਰਵਾਇਆ। ਰਾਜਿੰਦਰ ਕੁਮਾਰ ਦੇ ਯਤਨਾਂ ਸਦਕਾ 15 ਅਗਸਤ 2018 ਨੂੰ ਮੁੱਖ ਮੰਤਰੀ ਵਲੋਂ ਸਨਮਾਨਿਤ ਕੀਤਾ ਜਾ ਚੁੱਕਾ ਹੈ। 5 ਸਤੰਬਰ 2019 ਨੂੰ ਸਿੱਖਿਆ ਵਿਭਾਗ ਵਲੋਂ ਵੀ ਇਨਾਮ ਦਿੱਤਾ ਗਿਆ ਤੇ ਇਸ ਤੋਂ ਇਲਾਵਾ 2017 ਤੇ 2019 ‘ਚ ਆਜ਼ਾਦੀ ਦਿਵਸ ‘ਤੇ ਜਿਲ੍ਹਾ ਪੱਧਰ ਦਾ ਸਨਮਾਨ ਵੀ ਮਿਲ ਚੁੱਕਾ ਹੈ।