Moga’s daughter enlisted : ਮੋਗਾ ਦੇ ਪਿੰਡ ਦੌਧਰ ਦੀ ਰਹਿਣ ਵਾਲੀ ਪਰਮਦੀਪ ਕੌਰ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਕੁੜੀਆਂ ਕਿਸੇ ਵੀ ਨਜ਼ਰੀਏ ਤੋਂ ਮੁੰਡਿਆਂ ਤੋਂ ਘੱਟ ਨਹੀਂ ਹਨ। ਉਹ ਹਰ ਖੇਤਰ ‘ਚ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀਆਂ ਹਨ। ਅੱਜ ਦੇ ਬਦਲਦੇ ਜ਼ਮਾਨੇ ‘ਚ ਹੁਣ ਕੁੜੀਆਂ ਦੇ ਹੋਣ ‘ਤੇ ਵੀ ਮਾਪਿਆਂ ਵਲੋਂ ਖੁਸ਼ੀਆਂ ਮਨਾਈਆਂ ਜਾਂਦੀਆਂ ਹਨ ਕਿਉਂਕਿ ਹੁਣ ਮੁੰਡੇ ਹੀ ਨਹੀਂ ਸਗੋਂ ਕੁੜੀਆਂ ਵੀ ਆਪਣੇ ਕਾਰਨਾਮਿਆਂ ਨਾਲ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕਰ ਰਹੀਆਂ ਹਨ। ਮਾਸਟਰ ਹਰਚੰਦ ਸਿੰਘ ਦੀ ਧੀ ਪਰਮਦੀਪ ਕੌਰ ਨੇ ਅੱਜ ਸਿਰਫ ਆਪਣੇ ਪਰਿਵਾਰ ਦਾ ਨਾਂ ਹੀ ਨਹੀਂ ਸਗੋਂ ਪੂਰੇ ਪੰਜਾਬ ਦਾ ਨਾਂ ਬਾਹਰਲੇ ਮੁਲਕਾਂ ‘ਚ ਰੌਸ਼ਨ ਕੀਤਾ ਹੈ ਤੇ ਇਹ ਸਾਬਤ ਕੀਤਾ ਹੈ ਕਿ ਜੇਕਰ ਮਨ ਵਿਚ ਕੁਝ ਕਰਨ ਦਾ ਜ਼ਜ਼ਬਾ ਹੈ ਤੇ ਸਖਤ ਮਿਹਨਤ ਨਾਲ ਕੁਝ ਵੀ ਹਾਸਲ ਕੀਤਾ ਜਾ ਸਕਦਾ ਹੈ।
ਇਥੇ ਇਹ ਦੱਸਣਯੋਗ ਹੈ ਕਿ ਪਰਮਦੀਰ ਕੌਰ 2003 ‘ਚ ਕੈਨੇਡਾ ਗਈ ਸੀ। ਉਥੇ ਪਹਿਲਾਂ ਉਸ ਨੇ ਕਈ ਵੱਖ-ਵੱਖ ਤਰ੍ਹਾਂ ਦੀਆਂ ਨੌਕਰੀਆਂ ਕੀਤੀਆਂ ਤੇ ਨਾਲ ਹੀ ਆਪਣੀ ਪੜ੍ਹਾਈ ਨੂੰ ਵੀ ਜਾਰੀ ਰੱਖਿਆ। ਪਰ ਉਸ ਦੀ ਦਿਲਚਸਪੀ ਪੁਲਿਸ ‘ਚ ਭਰਤੀ ਹੋਣ ਦੀ ਸੀ ਤੇ ਆਖਿਰ ਉਸ ਨੇ ਇਹ ਕਰ ਦਿਖਾਇਆ ਅਤੇ ਹੁਣ ਉਹ ਕੈਨੇਡਾ ਦੀ ਪੁਲਿਸ ‘ਚ ਇਕ ਪੁਲਿਸ ਕਰਮਚਾਰੀ ਵਜੋਂ ਚੁਣੀ ਗਈ ਹੈ। ਕੈਨੇਡਾ ‘ਚ ਪੁਲਿਸ ਮੁਲਾਜ਼ਮ ਚੁਣੇ ਜਾਣ ਤੋਂ ਬਾਅਦ ਪਰਮਦੀਪ ਦੇ ਮਾਪਿਆਂ ਦੇ ਘਰ ਖੁਸ਼ੀ ਦਾ ਮਾਹੌਲ ਹੈ ਤੇ ਸਾਰੇ ਉਨ੍ਹਾਂ ਦੀਆਂ ਵਧਾਈਆਂ ਦੇ ਰਹੇ ਹਨ।
ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਰਮਦੀਪ ਨੂੰ ਛੋਟੇ ਹੁੰਦੇ ਤੋਂ ਹੀ ਫੌਜ ‘ਚ ਭਰਤੀ ਹੋਣ ਦਾ ਸ਼ੌਕ ਸੀ ਅਤੇ ਉਸ ਦੀ ਦਿਲਚਸਪੀ ਖੇਡਾਂ ‘ਚ ਵੀ ਬਹੁਤ ਸੀ ਤੇ ਉਹ ਪੜ੍ਹਾਈ ‘ਚ ਵੀ ਬਹੁਤ ਹੀ ਹੁਸ਼ਿਆਰ ਸੀ। ਅੱਜ ਉਸ ਨੇ ਚੰਗਾ ਮੁਕਾਮ ਹਾਸਲ ਕਰਕੇ ਆਪਣੇ ਮਾਪਿਆਂ ਦਾ ਨਾਂ ਵਿਲਾਇਤ ‘ਚ ਰੌਸ਼ਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪਰਮਦੀਪ ਦੇ ਇਸ ਮੁਕਾਮ ਦੀ ਪਿੰਡ ਵਾਸੀਆਂ ਵਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ ਤੇ ਉਨ੍ਹਾਂ ਨੂੰ ਵੀ ਆਪਣੀ ਧੀ ‘ਤੇ ਬਹੁਤ ਮਾਣ ਹੈ।