Case of disappearance : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਪਬਲੀਕੇਸ਼ਨ ਵਿਭਾਗ ਤੋਂ ਗੁਰੂ ਗ੍ਰੰਥ ਸਾਹਿਬ ਦੇ 328 ਪਾਵਨ ਸਰੂਪ ਗਾਇਬ ਹੋਣ ਦੇ ਮਾਮਲੇ ‘ਚ ਇਕ ਸਕੱਤਰ ਅਤੇ ਦੋ ਉਪ ਸਕੱਤਰਾਂ ਨੂੰ ਸਸਪੈਂਡ ਕਰ ਦਿੱਤਾ। ਇਨ੍ਹਾਂ ਤੋਂ ਇਲਾਵਾ 6 ਹੋਰ ਅਫਸਰਾਂ ਨੂੰ ਡਿਸਮਿਸ ਕਰਨ ਦੇ ਨਾਲ ਚਾਰਟਰਡ ਅਕਾਊਂਟੈਂਸੀ ਫਰਮ, ਮੈਸਰਸ ਐੱਸ.ਐੱਸ. ਕੋਹਲੀ ਐਂਡ ਐਸੋਸੀਏਟਸ ਦੀਆਂ ਸੇਵਾਵਾਂ ਵੀ ਖਤਮ ਕਰ ਦਿੱਤੀਆਂ। SGPC ਨੇ ਇਹ ਫੈਸਲਾ ਵੀਰਵਾਰ ਨੂੰ ਅੰਤਰਿਮ ਕਮੇਟੀ ਦੀ ਮੀਟਿੰਗ ‘ਚ ਲਿਆ।
ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਹੁਕਮ ‘ਤੇ ਮੀਟਿੰਗ ਬੁਲਾਈ ਗਈ ਸੀ। ਅਕਾਲ ਤਖਤ ਦੇ ਜਥੇਦਾਰ ਵਲੋਂ ਗਠਿਤ 3 ਮੈਂਬਰੀ ਕਮੇਟੀ ਨੇ ਜਾਂਚ ‘ਚ ਪਬਲੀਕੇਸ਼ਨ ਵਿਭਾਗ ਦੇ ਰਿਕਾਰਡ ‘ਚ ਗੜਬੜੀ ਤੋਂ ਇਲਾਵਾ ਉਥੋਂ 328 ਪਾਵਨ ਸਰੂਪ ਗਾਇਬ ਹੋਣ ਦੀ ਪੁਸ਼ਟੀ ਕੀਤੀ ਸੀ। ਕਮੇਟੀ ਨੇ ਖਰਾਬ ਅੰਗਾਂ ਤੋਂ 186 ਪਾਵਨ ਸਰੂਪ ਬਣਾਏ ਜਾਣ ਦੀ ਗੱਲ ਕਹੀ। ਅਕਾਲ ਤਖਤ ਦੇ ਜਥੇਦਾਰ ਨੇ 24 ਅਗਸਤ ਨੂੰ ਐੱਸ. ਜੀ. ਪੀ.ਸੀ. ਨੂੰ ਹੁਕਮ ਦਿੱਤੇ ਸਨ ਕਿ ਉਹ ਇਕ ਹਫਤੇ ‘ਚ ਦੋਸ਼ੀਆਂ ‘ਤੇ ਕਾਰਵਾਈ ਕਰੇ।
ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਮੀਟਿੰਗ ਵਿਚ ਸਰਬ ਸੰਮਤੀ ਨਾਲ SGPC ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਦਾ ਅਸਤੀਫਾ ਮਨਜ਼ੂਰ ਕਰ ਲਿਆ ਗਿਆ। ਮੀਟਿੰਗ ਵਿਚ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਮਨਜੀਤ ਸਿੰਘ ਨੂੰ ਵੀ ਸਸਪੈਂਡ ਕਰਨ ਦਾ ਫੈਸਲਾ ਲਿਆ ਗਿਆ। ਲੌਂਗੋਵਾਲ ਨੇ ਕਿਹਾ ਕਿ ਅੰਤਰਿਮ ਕਮੇਟੀ ਨੇ ਕਈ ਅਧਿਕਾਰੀਆਂ ਅਤੇ ਮੁਲਾਜ਼ਮਾਂ ਖਿਲਾਫ ਕਾਨੂੰਨੀ ਕਾਰਵਾਈ ਕਰਨ ਦਾ ਫੈਸਲਾ ਕੀਤਾ ਹੈ। ਇਹ ਕਾਨੂੰਨੀ ਕਾਰਵਾਈ ਪੂਰੀ ਕਰਨ ਲਈ ਐੱਸ. ਜੀ. ਪੀ. ਸੀ. ਮਹਾਸਕੱਤਰ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ‘ਚ ਸਬ-ਕਮੇਟੀ ਬਣਾਈ ਜਾਵੇਗੀ।