NEET-JEE Exams: ਕੋਲਕਾਤਾ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇੱਕ ਵਾਰ ਫਿਰ ਕੇਂਦਰ ਨੂੰ ਜੇਈਈ ਅਤੇ ਨੀਟ ਪ੍ਰੀਖਿਆਵਾਂ ਕਰਵਾਉਣ ਲਈ ਨਿਸ਼ਾਨਾ ਬਣਾਇਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਜੇ.ਈ.ਈ/ਐਨ.ਈ.ਈ.ਟੀ. ਦੀ ਪ੍ਰੀਖਿਆ ਕਰਵਾ ਕੇ ਵਿਦਿਆਰਥੀਆਂ ਦੀ ਜ਼ਿੰਦਗੀ ਨੂੰ ਜੋਖਮ ਵਿੱਚ ਪਾ ਰਿਹਾ ਹੈ। ਕੇਂਦਰ ਪ੍ਰਚਾਰ ‘ਚ ਰੁੱਝਿਆ ਹੋਇਆ ਹੈ, ਇਸ ਦੀ ਬਜਾਏ ਕੇਂਦਰ ਨੂੰ ਵਿਦਿਆਰਥੀਆਂ ਦੇ ‘ਮਨ ਕੀ ਬਾਤ’ ਸੁਣਨੀ ਚਾਹੀਦੀ ਹੈ। ਸੀ ਐਮ ਮਮਤਾ ਨੇ ਇਹ ਗੱਲ ਟੀਐਮਸੀ ਦੇ ਵਿਦਿਆਰਥੀ ਵਿੰਗ ਦੀ ਵਰਚੁਅਲ ਰੈਲੀ ਦੌਰਾਨ ਕਹੀ ਹੈ। ਮਮਤਾ ਬੈਨਰਜੀ ਨੇ ਕਿਹਾ ਕਿ ਸੱਤ-ਅੱਠ ਮੁੱਖ ਮੰਤਰੀ ਮਿਲੇ ਸਨ। ਅਸੀਂ ਫੈਸਲਾ ਲਿਆ ਸੀ ਕਿ ਵਿਦਿਆਰਥੀਆਂ ਦੀ ਤਰਫੋਂ, ਅਸੀਂ ਸਮੀਖਿਆ (ਪ੍ਰੀਖਿਆ ਦੀ ਮਿਤੀ) ਲਈ ਸੁਪਰੀਮ ਕੋਰਟ ਵਿੱਚ ਅਪੀਲ ਦਾਇਰ ਕਰਾਂਗੇ। ਇਸ ਦੇ ਅਨੁਸਾਰ 6 ਰਾਜਾਂ ਦੇ ਮੰਤਰੀਆਂ ਨੇ ਪਟੀਸ਼ਨ ‘ਤੇ ਦਸਤਖਤ ਕੀਤੇ ਹਨ। ਮੰਤਰੀ ਮੌਲੋਏ ਘਟਕ ਨੇ ਪੱਛਮੀ ਬੰਗਾਲ ਦੀ ਤਰਫੋਂ ਦਸਤਖਤ ਕੀਤੇ ਹਨ।
ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ 16 ਸਤੰਬਰ ਨੂੰ ਤ੍ਰਿਣਮੂਲ ਕਾਂਗਰਸ ਕਿਸਾਨਾਂ ਨਾਲ ਕੇਂਦਰ ਦੀਆ ਕਿਸਾਨ ਵਿਰੋਧੀ ਨੀਤੀਆਂ ਦੇ ਵਿਰੋਧ ਵਿੱਚ ਖੇਤਾਂ ਵਿੱਚ ਖੜੇਗੀ। ਸੀਐਮ ਨੇ ਕਿਹਾ, “ਮੈਂ ਵੀ ਕੁੱਝ ਪਿੰਡਾਂ ਵਿੱਚ ਪ੍ਰੋਗਰਾਮ ਵਿੱਚ ਸ਼ਾਮਿਲ ਹੋਵਾਂਗੀ।” ਦੱਸ ਦੇਈਏ ਕਿ ਬੁੱਧਵਾਰ ਨੂੰ ਕਾਂਗਰਸ ਦੀ ਅੰਤ੍ਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਸੱਤ ਗੈਰ-ਭਾਜਪਾ ਸ਼ਾਸਿਤ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਵਰਚੁਅਲ ਮੀਟਿੰਗ ਕੀਤੀ। ਇਸ ਵਿੱਚ ਸ਼ਾਮਿਲ ਹੋਈ ਮਮਤਾ ਬੈਨਰਜੀ ਨੇ ਦੇਸ਼ ਦੇ ਸਾਰੇ ਰਾਜਾਂ ਨੂੰ ਅਪੀਲ ਕੀਤੀ ਸੀ ਕਿ ਉਹ ਨੀਟ ਅਤੇ ਜੇਈਈ ਦੀ ਪ੍ਰੀਖਿਆ ਦੀ ਤਰੀਕ ਮੁਲਤਵੀ ਕਰਨ ਲਈ ਸੁਪਰੀਮ ਕੋਰਟ ਵਿੱਚ ਪਹੁੰਚ ਕਰਨ।