Woman died during delivery : ਜਲੰਧਰ ਦੇ ਇਕ ਨਿੱਜੀ ਹਸਪਤਾਲ ਵਿਚ ਡਿਲਵਰੀ ਦੌਰਾਨ ਇਕ ਔਰਤ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ ਔਰਤ ਦੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਦੇ ਡਾਕਟਰਾਂ ’ਤੇ ਲਾਪਰਵਾਹੀ ਦੇ ਦੋਸ਼ ਲਗਾਏ ਹਨ। ਮਿਲੀ ਜਾਣਕਾਰੀ ਮੁਤਾਬਕ ਅੱਜ ਸਵੇਰੇ ਇਕ ਬੱਚੀ ਨੂੰ ਜਨਮ ਦੇਣ ਤੋਂ ਬਾਅਦ ਔਰਤ ਨੂੰ ਬਲੀਡਿੰਗ ਬੰਦ ਨਾ ਹੋਣ ਕਰਕੇ ਹਸਪਤਾਲ ਨੇ ਦੂਸਰੇ ਹਸਪਤਾਲ ’ਚ ਰੈਫਰ ਕਰ ਦਿੱਤਾ ਸੀ। ਮ੍ਰਿਤਕਾ ਦੀ ਪਛਾਣ ਸੋਨਿਕਾ ਪਤਨੀ ਸੰਨੀ ਵਾਸੀ ਬਸਤੀ ਪੀਰ ਦਾਹ ਵਜੋਂ ਹੋਈ ਹੈ।
ਮ੍ਰਿਤਕਾ ਦੇ ਪਤੀ ਸੰਨੀ ਨੇ ਦੱਸਿਆ ਕਿ ਉਹ ਦੇਰ ਰਾਤ ਇਕ ਪ੍ਰਾਈਵੇਟ ਹਸਪਤਾਲ ਵਿਚ ਆਪਣੀ ਪਤਨੀ ਨੂੰ ਡਿਲਵਰੀ ਲਈ ਲੈ ਕੇ ਆਇਆ ਸੀ। ਹਸਪਤਾਲ ਵਿਚ ਸਟਾਫ ਨੇ ਉਸ ਨੂੰ ਇਲਾਜ ਲਈ ਦਰਦ ਦੇ ਇੰਜੈਕਸ਼ਨ ਲਗਾਏ ਅਤੇ ਬਾਅਦ ਵਿਚ ਉਸ ਨੂੰ ਡਿਲਵਰੀ ਲਈ ਲੈ ਗਏ। ਬੱਚੀ ਨੂੰ ਜਨਮ ਦੇਣ ਤੋਂ ਬਾਅਦ ਉਨ੍ਹਾਂ ਕਿਹਾ ਕਿ ਸੋਨਿਕਾ ਦੀ ਬਲੀਡਿੰਗ ਰੁਕ ਨਹੀਂ ਰਹੀ ਹੈ ਅਤੇ ਉਨ੍ਹਾਂ ਉਸ ਨੂੰ ਦੂਸਰੇ ਹਸਪਤਾਲ ਰੈਫਰ ਕਰਨ ਲਈ ਕਿਹਾ। ਜਦੋਂ ਉਹ ਉਸ ਨੂੰ ਦੂਸਰੇ ਹਸਪਤਾਲ ਲੈ ਕੇ ਗਏ ਤਾਂ ਉਸ ਦਾ ਸਾਰਾ ਸਰੀਰ ਠੰਡਾ ਪੈ ਚੁੱਕਾ ਸੀ। ਉਥੇ ਉਸ ਨੂੰ ਡਰਿੱਪ ਲਗਾਈ ਗਈ ਪਰ ਇਸੇ ਦੌਰਾਨ ਉਸ ਦੀ ਮੌਤ ਹੋ ਗਈ।
ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਹੈ ਕਿ ਹਸਪਤਾਲ ਦੀ ਲਾਪਰਵਾਹੀ ਕਾਰਨ ਸੋਨਿਕਾ ਦੀ ਮੌਤ ਹੋਈ ਹੈ। ਉਨ੍ਹਾਂ ਇਸ ਸਬੰਧੀ ਥਾਣਾ ਭਾਰਗੋ ਕੈਂਪ ਵਿਚ ਸ਼ਿਕਾਇਤ ਦਰਜ ਕਰਵਾਈ ਹੈ। ਪੁਲਿਸ ਅਧਿਕਾਰੀ ਭਗਵੰਤ ਭੁੱਲਰ ਨੇ ਦੱਸਿਆ ਕਿ ਫਿਲਹਾਲ ਮ੍ਰਿਤਕਾ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਵਿਚ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਰਿਪੋਰਟ ਆਉਣ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ।