Corona patient dies : ਸਮਾਲਸਰ : ਕੋਰੋਨਾ ਪਾਜੀਟਿਵ ਮਰੀਜ਼ ਅਵਤਾਰ ਸਿੰਘ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਦੇ ਹਸਪਤਾਲ ਵਿਖੇ ਭਰਤੀ ਸੀ। ਉਹ ਜਿਲ੍ਹਾ ਮੋਗਾ ਦੇ ਠੱਠੀ ਭਾਈ ਦੇ ਰਹਿਣ ਵਾਲਾ ਸੀ। ਮਿਲੀ ਜਾਣਕਾਰੀ ਮੁਤਾਬਕ ਦੂਜੀ ਮੰਜ਼ਿਲ ਤੋਂ ਡਿਗਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ ਪਰ ਮੌਤ ਦਾ ਕਾਰਨ ਡਾਕਟਰਾਂ ਦੀ ਲਾਪ੍ਰਵਾਹੀ ਦੱਸਿਆ ਜਾ ਰਿਹਾ ਹੈ। ਪਤਾ ਲੱਗਾ ਹੈ ਕਿ ਉਹ ਬਾਹਰ ਪਿਸ਼ਾਬ ਕਰਨ ਲਈ ਆਏ ਸਨ ਕਿ ਅਚਾਨਕ ਉਨ੍ਹਾਂ ਦਾ ਪੈਰ ਸੀਵਰੇਜ ਵਾਲੀ ਪਾਈਪ ‘ਚ ਚਲਾ ਗਿਆ ਜਿਸ ਨਾਲ ਉਹ ਦੂਜੀ ਮੰਜ਼ਿਲ ਤੋਂ ਹੇਠਾਂ ਡਿੱਗ ਗਏ ਅਤੇ ਉਨ੍ਹਾਂ ਦੀ ਮੌਤ ਹੋ ਗਈ।
ਪਰਿਵਾਰਕ ਮੈਂਬਰਾਂ ਤੋਂ ਜਦੋਂ ਇਸ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਦੱਸਿਆ ਕਿ 28 ਅਗਸਤ ਨੂੰ ਉਨ੍ਹਾਂ ਨੇ ਅਵਤਾਰ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਖੇ ਇਲਾਜ ਲਈ ਭਰਤੀ ਕਰਵਾਇਆ ਸੀ ਤੇ ਡਾਕਟਰਾਂ ਨੇ ਮਰੀਜ਼ ਨੂੰ ਇਕੱਲੇ ਰਹਿਣ ਦੀ ਹਦਾਇਤ ਦਿੱਤੀ ਸੀ ਤੇ ਕਿਹਾ ਸੀ ਕਿ ਉਸ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਹਸਪਤਾਲ ਦੀ ਹੈ ਪਰ ਡਾਕਟਰਾਂ ਵਲੋਂ ਕੀਤੀ ਗਈ ਲਾਪ੍ਰਵਾਹੀ ਦਾ ਹਰਜਾਨਾ ਹੁਣ ਪਰਿਵਾਰ ਵਾਲਿਆਂ ਨੂੰ ਭੁਗਤਣਾ ਪੈ ਰਿਹਾ ਹੈ ਤੇ ਅਵਤਾਰ ਸਿੰਘ ਮੌਤ ਦੇ ਮੂੰਹ ‘ਚ ਚਲਾ ਗਿਆ। ਜੇਕਰ ਉਨ੍ਹਾਂ ਨੇ ਜ਼ਰਾ ਜਿਹੀ ਸਾਵਧਾਨੀ ਵਰਤੀ ਹੁੰਦੀ ਤਾਂ ਹੋ ਸਕਦਾ ਸੀ ਕਿ ਮਰੀਜ਼ ਦੀ ਜਾਨ ਬਚ ਜਾਂਦੀ।
ਹਸਪਤਾਲਾਂ ਵਲੋਂ ਲਾਪ੍ਰਵਾਹੀ ਦੇ ਨਿਤ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਕਦੇ ਮ੍ਰਿਤਕ ਦੇਹਾਂ ਨੂੰ ਬਦਲਣ ਦਾ ਮਾਮਲਾ ਸਾਹਮਣੇ ਆ ਜਾਂਦਾ ਹੈ ਤੇ ਕਦੇ ਮਰੀਜ਼ ਨੂੰ ਹਸਪਤਾਲਾਂ ਦੀ ਅਣਦੇਖੀ ਕਾਰਨ ਆਪਣੀ ਜਾਨ ਨੂੰ ਜੋਖਿਮ ਵਿਚ ਪਾਉਣਾ ਪੈਂਦਾ ਹੈ। ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਹਸਪਤਾਲਾਂ ਵਲੋਂ ਕੀਤੀ ਜਾ ਰਹੀ ਅਣਗਹਿਲੀ ਦਾ ਸਖਤ ਨੋਟਿਸ ਲਿਆ ਜਾਵੇ ਤੇ ਬਣਦੀ ਕਾਰਵਾਈ ਕੀਤੀ ਜਾਵੇ।