Giani Harpreet Singh : ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੇ ਗਾਇਬ ਹੋਣ ਦੇ ਮਾਮਲੇ ਵਿਚ SGPC ਵਲੋਂ ਕੀਤੀ ਜਾ ਰਹੀ ਕਾਰਵਾਈ ‘ਤੇ ਤਸੱਲੀ ਪ੍ਰਗਟਾਈ ਹੈ। ਉਨ੍ਹਾਂ ਦੱਸਿਆ ਕਿ ਕੀਤੀ ਗਈ ਜਾਂਚ ਤੋਂ ਸਾਹਮਣੇ ਆਇਆ ਹੈ ਕਿ ਗਲਤੀ ਸ਼੍ਰੋਮਣੀ ਕਮੇਟੀ ਦੇ ਮਹਿਕਮੇ ਦੀ ਛਪਾਈ ਮਹਿਕਮੇ ਦੀ ਹੈ। ਜੇਕਰ ਉਹ ਜ਼ਿੰਮੇਵਾਰੀ ਨਾਲ ਆਪਣਾ ਛਪਾਈ ਦਾ ਕੰਮ ਕਰਦੇ ਤਾਂ ਸਰੂਪਾਂ ਦੇ ਗਾਇਬ ਹੋਣ ਦਾ ਇਹ ਕਾਰਾ ਨਹੀਂ ਹੋਣਾ ਸੀ ਕਿਉਂਕਿ ਇਹ ਮਹਿਕਮਾ ਸਭ ਤੋਂ ਅਹਿਮ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਜਿਹੜਾ ਵੀ ਕਰਮਚਾਰੀ ਜਾਂ ਮੁਲਾਜ਼ਮ ਸਹੀ ਤਰੀਕੇ ਨਾਲ ਕੰਮ ਨਹੀਂ ਕਰਦਾ ਸੀ ਉਸ ਨੂੰ ਪਬਲੀਕੇਸ਼ਨ ਮਹਿਕਮੇ ਵਿਚ ਸ਼ਿਫਟ ਕਰ ਦਿੱਤਾ ਜਾਂਦਾ ਸੀ।
ਜਥੇ. ਹਰਪ੍ਰੀਤ ਸਿੰਘ ਨੇ ਕਿਹਾ ਇਸ ਪੂਰੇ ਮਾਮਲੇ ਦੀ ਜਾਂਚ ਲਈ ਇਕ ਕਮੇਟੀ ਦਾ ਗਠਨ ਕੀਤਾ ਜਾਣਾ ਚਾਹੀਦਾ ਹੈ ਅਤੇ ਜਿਹੜੇ ਵਿਅਕਤੀ ਦੋਸ਼ੀ ਪਾਏ ਗਏ ਹਨ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਇਸ ਦੇ ਨਾਲ ਹੀ ਜਥੇਦਾਰ ਨੇ ਇਸ ਗੱਲ ‘ਤੇ ਵੀ ਖੇਦ ਪ੍ਰਗਟ ਕੀਤਾ ਕਿ ਕਾਂਗਰਸ ਸਰਕਾਰ ਦੇ 3 ਸਾਲ ਦੇ ਕਾਰਜਕਾਲ ਵਿਚ ਪੰਜਾਬ ‘ਚ ਨਸ਼ਿਆਂ ਦਾ ਕਾਰੋਬਾਰ ਦਿਨੋ-ਦਿਨ ਵਧਿਆ ਹੈ। ਇਸ ਦਾ ਮੁੱਖ ਕਾਰਨ ਕੈਪਟਨ ਸਰਕਾਰ ਵਲੋਂ ਸ਼ਰਾਬ ਮਾਫੀਆ ਖਿਲਾਫ ਨਾ ਕੀਤੀ ਜਾਣ ਵਾਲੀ ਕਾਰਵਾਈ ਹੈ। ਜੇਕਰ ਉਹ ਸਖਤ ਸਟੈਂਡ ਲੈਂਦੇ ਤਾਂ ਪੰਜਾਬ ਵਿਚ ਨਸ਼ਿਆਂ ਦਾ ਕਾਰੋਬਾਰ ਇੰਨਾ ਨਹੀਂ ਵਧਣਾ ਸੀ ਤੇ ਨਾ ਹੀ ਇੰਨੇ ਕੀਮਤ ਲੋਕਾਂ ਦੀ ਜਾਨ ਜਾਣੀ ਸੀ।