Getting treatment in : ਕਪੂਰਥਲਾ : 1 ਸਤੰਬਰ ਤੋਂ ਸੂਬੇ ਦੇ ਸਿਵਲ ਹਸਪਤਾਲਾਂ ‘ਚ ਇਲਾਜ 15 ਫੀਸਦੀ ਅਤੇ ਪ੍ਰਾਈਵੇਟ ਕਮਰਿਆਂ ‘ਚ ਮਿਲਣ ਵਾਲੀਆਂ ਸਹੂਲਤਾਂ ਦੋ ਤੋਂ ਤਿੰਨ ਗੁਣਾ ਮਹਿੰਗੀਆਂ ਹੋ ਜਾਣਗੀਆਂ। ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਨੇ ਸੂਬੇ ਦੇ ਸਾਰੇ ਸਿਵਲ ਸਰਜਨ, ਮੈਡੀਕਲ ਸੁਪਰਡੈਂਟ, ਡਿਪਟੀ ਮੈਡੀਕਲ ਕਮਿਸ਼ਨਰ, ਐੱਸ. ਐੱਮ. ਓ. ਅਤੇ ਬੀ. ਟੀ. ਓ. ਨੂੰ ਪੱਤਰ ਨੰ. 2020/3340-3658 ਜਾਰੀ ਕਰਕੇ ਨਿਰਦੇਸ਼ ਦਿੱਤੇ ਹਨ। ਹਾਲਾਂਕਿ ਸਰਕਾਰੀ ਮੁਲਾਜ਼ਮਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਲਈ ਸਿਵਲ ‘ਚ ਮੁਫਤ ਇਲਾਜ ਦੀ ਸਹੂਲਤ ਪਹਿਲਾਂ ਵਰਗੀ ਹੀ ਰਹੇਗੀ।
ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ 1 ਸਤੰਬਰ ਤੋਂ ਸਿਵਲ ਹਸਪਤਾਲਾਂ ‘ਚ ਇਲਾਜ ਅਤੇ ਹੋਰ ਟੈਸਟਾਂ ਦੇ ਰੇਟ ਦੋ ਤੋਂ 3 ਗੁਣਾ ਤਕ ਵਧਾਉਣ ਜਾ ਰਿਹਾ ਹੈ। ਸਿਵਲ ‘ਚ ਜਨਰਲ ਵਾਰਡ ‘ਚ ਭਰਤੀ ਹੋਣ ਤੋਂ ਲੈ ਕੇ ਪ੍ਰਾਈਵੇਟ ਵਾਰਡ, ਡਿਜੀਟਲ ਐਕਸਰੇ, ਸਕੈਨਿੰਗ, ਈ. ਸੀ. ਟੀ., ਛੋਟਾ ਆਪ੍ਰੇਸ਼ਨ, ਮੈਡੀਕਲ ਲੀਗਲ ਐਗਜ਼ਾਮੀਨੇਸ਼ਨ ਚਾਰਜ, ਅਲਟਰਾ ਸਾਊਂਡ, ਮੈਮੋਗ੍ਰਾਫੀ ਤੇ ਹੋਰ ਸਹੂਲਤਾਂ ਦੇ ਰੇਟ ਦੋ ਤੋਂ ਤਿੰਨ ਗੁਣਾ ਵਧਾਏ ਜਾਣ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਸਿਵਲ ਸਰਜਨ ਜਸਮੀਤ ਕੌਰ ਬਾਵਾ ਨੇ ਦੱਸਿਆ ਕਿ ਸਹਿਤ ਵਿਭਾਗ ਵਲੋਂ ਭੇਜੇ ਗਏ ਹੁਕਮ ਮਿਲ ਚੁੱਕੇ ਹਨ ਤੇ ਇਹ ਰੇਟ 1 ਸਤੰਬਰ ਤੋਂ ਲਾਗੂ ਕਰ ਦਿੱਤੇ ਜਾਣਗੇ।
ਨਵੇਂ ਨਿਯਮਾਂ ਤਹਿਤ ਮਰੀਜ਼ ਨੂੰ ਓ. ਪੀ. ਡੀ. ਲਈ ਪਹਿਲਾਂ ਦੀ ਹੀ ਤਰ੍ਹਾਂ 10 ਰੁਪਏ ਦੇਣੇ ਹੋਣਗੇ। ਇੰਡੋਰ ਐਡਮਿਸ਼ਨ ਲਈ 30 ਰੁਪਏ ਦੀ ਬਜਾਏ 40 ਰੁਪਏ ਦੇਣੇ ਪੈਣਗੇ। ਜਨਰਲ ਵਾਰਡ ‘ਚ ਬਿਸਤਰੇ ਦੇ ਚਾਰਜਿਸ 30 ਤੋਂ ਵਧਾ ਕੇ 40 ਰੁਪਏ ਪ੍ਰਤੀ ਦਿਨ ਤੇ ਪ੍ਰਾਈਵੇਟ ਵਾਰਡ ਲਈ 150 ਤੋਂ 200 ਰੁਪਏ ਕਰ ਦਿੱਤੇ ਗਏ ਹਨ। ਛੋਟੇ ਆਪ੍ਰੇਸ਼ਨ ਲਈ ਮਰੀਜ਼ ਤੋਂ 150 ਦੀ ਬਜਾਏ 250 ਰੁਪਏ ਲਏ ਜਾਣਗੇ ਤੇ ਇਸੇ ਤਰ੍ਹਾਂ ਵੱਡੇ ਆਪ੍ਰੇਸ਼ਨ ਦੀ ਫੀਸ 1000 ਤੋਂ ਵਧਾ ਕੇ 1200 ਰੁਪਏ ਕਰ ਦਿੱਤੀ ਗਈ ਹੈ। ਸਪੈਸ਼ਲ ਸਰਜੀਕਲ ਆਪ੍ਰੇਸ਼ਨ ਦੇ ਰੇਟਾਂ ‘ਚ 500 ਰੁਪਏ ਦਾ ਵਾਧਾ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਕੋਰੋਨਾ ਦੀ ਮਾਰ ਝੇਲ ਰਹੇ ਅਤੇ ਨੌਕਰੀਆਂ ਗੁਆ ਚੁੱਕੇ ਲੋਕਾਂ ਲਈ ਮੁਸੀਬਤ ਹੋਰ ਵਧ ਜਾਵੇਗੀ।