SMO of Civil : ਕੋਰੋਨਾ ਦਾ ਕਹਿਰ ਸੂਬੇ ‘ਚ ਲਗਾਤਾਰ ਵਧ ਰਿਹਾ ਹੈ। ਰੋਜ਼ਾਨਾ ਵੱਡੀ ਗਿਣਤੀ ਵਿਚ ਲੋਕ ਇਸ ਦੇ ਚਪੇਟ ਵਿਚ ਆ ਰਹੇ ਹਨ। ਹੁਣ ਕੋਰੋਨਾ ਵਾਇਰਸ ਨੂੰ ਕੰਟਰੋਲ ਕਰਨ ਵਾਲੇ ਡਾਕਟਰ ਵੀ ਇਸ ਦੀ ਲਪੇਟ ਵਿਚ ਆਉਣ ਲੱਗੇ ਹਨ। ਅੱਜ ਜਿਲ੍ਹਾ ਅੰਮ੍ਰਿਤਸਰ ਤੋਂ ਬੁਰੀ ਖਬਰ ਆਈ ਹੈ ਕਿ ਉਥੇ ਸਿਵਲ ਹਸਪਤਾਲ ਦੇ ਐੱਸ. ਐੱਮ. ਓ. ਡਾ. ਅਰੁਣ ਸ਼ਰਮਾ ਦੀ ਕੋਰੋਨਾ ਕਾਰਨ ਮੌਤ ਹੋ ਗਈ।
ਮਿਲੀ ਜਾਣਕਾਰੀ ਮੁਤਾਬਕ ਡਾ. ਅਰੁਣ ਸ਼ਰਮਾ 54 ਸਾਲਾਂ ਦੇ ਸਨ ਅਤੇ ਅਜੇ ਉਨ੍ਹਾਂ ਨੂੰ 10 ਦਿਨ ਪਹਿਲਾਂ ਹੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ ਜਦੋਂ ਉਨ੍ਹਾਂ ਦੀ ਰਿਪੋਰਟ ਪਾਜੀਟਿਵ ਪਾਈ ਗਈ ਸੀ। ਉਹ ਅੰਮ੍ਰਿਤਸਰ ਦੇ ਇਕ ਪ੍ਰਾਈਵੇਟ ਹਸਪਤਾਲ ‘ਚ ਭਰਤੀ ਸੀ। ਅੱਜ ਐਤਵਾਰ ਉਨ੍ਹਾਂ ਨੇ ਆਖਰੀ ਸਾਹ ਲਏ। ਇਹ ਵੀ ਖਬਰ ਹੈ ਕਿ ਉਨ੍ਹਾਂ ਦੇ ਫੇਫੜੇ ਬੁਰੀ ਤਰ੍ਹਾਂ ਖਰਾਬ ਹੋ ਚੁੱਕੇ ਸਨ। ਇਹ ਵੀ ਜਾਣਕਾਰੀ ਮਿਲੀ ਹੈ ਕਿ ਉਹ ਕਾਫੀ ਹਿੰਮਤੀ ਸਨ ਅਤੇ ਬਹੁਤ ਹੌਸਲੇ ਨਾਲ ਇਸ ਖਤਰਨਾਕ ਵਾਇਰਸ ਨਾਲ ਲੜ ਰਹੇ ਸਨ। ਅਜੇ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵੀ ਵਾਇਰਲ ਕੀਤਾ ਸੀ ਜਿਸ ‘ਚ ਉਹ ਹਸਪਤਾਲ ਦੇ ਬਿਸਤਰੇ ‘ਤੇ ਬੈਠ ਕੇ ਇਕ ਗੀਤ ‘ਤੇ ਡਾਂਸ ਕਰਦੇ ਨਜ਼ਰ ਆ ਰਹੇ ਸਨ।
ਸੂਬੇ ਵਿਚ ਕੋਰੋਨਾ ਪੀੜਤਾਂ ਦਾ ਅੰਕੜਾ 51908 ਤੋਂ ਵੀ ਪਾਰ ਹੋ ਚੁੱਕਾ ਹੈ। ਜਿੰਨਾ ਵਿੱਚੋਂ 34091 ਮਰੀਜ਼ ਠੀਕ ਹੋ ਚੁੱਕੇ, ਬਾਕੀ 15409 ਮਰੀਜ ਇਲਾਜ਼ ਅਧੀਨ ਹਨ। ਪੀੜਤ 475 ਮਰੀਜ਼ ਆਕਸੀਜਨ ਅਤੇ 69 ਮਰੀਜ਼ ਜਿੰਨਾਂ ਦੀ ਹਾਲਤ ਗੰਭੀਰ ਹੈ ਨੂੰ ਵੈਂਟੀਲੇਟਰ ਸਹਾਰੇ ਰੱਖਿਆ ਗਿਆ ਹੈ।ਅੰਮ੍ਰਿਤਸਰ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 3808 ਹੋ ਚੁੱਕੀ ਹੈ ਤੇ ਹੁਣ ਤਕ ਕੋਰੋਨਾ ਨਾਲ 153 ਵਿਅਕਤੀ ਮੌਤ ਦੇ ਮੂੰਹ ‘ਚ ਜਾ ਚੁੱਕੇ ਹਨ।